Tarn Taran News : ਗੁਰੂ ਘਰ ਮੱਥਾ ਟੇਕਣ ਜਾ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, ਮੌਕੇ 'ਤੇ ਦਰਾਨੀ-ਜੇਠਾਣੀ ਦੀ ਹੋਈ ਮੌਤ, ਇੱਕ ਗੰਭੀਰ ਜ਼ਖਮੀ - ਐਕਸੀਡੈਂਟ ਦੌਰਾਨ ਦੋ ਔਰਤਾਂ ਦੀ ਮੌਤ
Published : Sep 3, 2023, 4:28 PM IST
ਤਰਨ ਤਾਰਨ: ਤਰਨ ਤਾਰਨ ਦੇ ਪੱਟੀ ਮਾਰਗ 'ਤੇ ਐਤਵਾਰ ਤੜਕਸਾਰ ਗੁਰੂ ਘਰ ਮੱਥਾ ਟੇਕਣ ਜਾ ਰਿਹਾ ਪਰਿਵਾਰ ਹਾਦਸੇ ਦਾ ਸ਼ਿਕਾਰ ਹੋ ਗਿਆ। ਸਵਿਫਟ ਕਾਰ ਖੜ੍ਹੇ ਟਰੱਕ ਨਾਲ ਪਿੱਛੋਂ ਜਾ ਟਕਰਾਈ ਅਤੇ ਦੋ ਔਰਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਇਸ ਹਾਦਸੇ ਵਿੱਚ ਇਕ ਵਿਅਕਤੀ ਜ਼ਖਮੀ ਹੋ ਗਿਆ। ਜਿਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਿਕ ਹਾਦਸੇ ਵਿੱਚ ਮਰਨ ਵਾਲੀਆਂ ਦੋਵੇਂ ਔਰਤਾਂ ਰਿਸ਼ਤੇ ਵਿੱਚ ਦਰਾਨੀ -ਜੇਠਾਣੀ ਸਨ ਅਤੇ ਜ਼ਖਮੀ ਵਿਅਕਤੀ ਘਰ ਦਾ ਹੀ ਮੈਂਬਰ ਸੀ ਜਿਸ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਹਾਲਤ ਹੋਣ 'ਤੇ ਤਰਨਤਾਰਨ ਦੇ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਮੌਕੇ 'ਤੇ ਪੁੱਜੇ ਚੌਂਕੀ ਨੌਸ਼ਹਿਰਾ ਪਨੂੰਆਂ ਦੇ ਇੰਚਾਰਜ ਸਬ ਇੰਸਪੈਕਟਰ ਇਕਬਾਲ ਸਿੰਘ ਨੇ ਦੱਸਿਆ ਕਿ ਪਿੰਡ ਲੋਹਕਾ ਨਿਵਾਸੀ ਇਹ ਪਰਿਵਾਰ ਸਵੇਰੇ ਗੁਰਦੁਆਰਾ ਸ਼ਹੀਦਾਂ ਸਾਹਿਬ ਅੰਮ੍ਰਿਤਸਰ ਜਾ ਰਿਹਾ ਸੀ ਕਿ ਪਿੰਡ ਤੋਂ ਕੁਝ ਦੂਰੀ 'ਤੇ ਹੀ ਇਨ੍ਹਾਂ ਦੀ ਕਾਰ ਖੜ੍ਹੇ ਟਰੱਕ ਨਾਲ ਪਿੱਛੋਂ ਜਾ ਟਕਰਾਈ। ਇਸ ਹਾਦਸੇ ਵਿਚ ਦੋ ਔਰਤਾਂ ਜੋ ਆਪਸ ਵਿਚ ਦਰਾਣੀ ਜਿਠਾਣੀ ਹਨ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਹਾਦਸਾ ਇਨ੍ਹਾਂ ਜਬਰਦਸਤ ਸੀ ਕਿ ਕਾਰ ਦੇ ਪਰਖਚੇ ਉੱਡ ਗਏ।