ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਸੜਕ ਹਾਦਸੇ ’ਚ ਨੌਜਵਾਨ ਦੀ ਮੌਤ - ਤਹਿਸੀਲ ਅਜਨਾਲਾ
ਕੈਨੇਡਾ ’ਚ ਵਾਪਰੇ ਭਿਆਨਕ ਸੜਕ ਹਾਦਸੇ ’ਚ ਤਹਿਸੀਲ ਅਜਨਾਲਾ ਦੇ 2 ਵੱਖ-ਵੱਖ ਪਿੰਡਾਂ ਦੇ ਕੈਨੇਡਾ ਵਾਸੀ 2 ਨੌਜਵਾਨਾਂ ’ਚੋਂ 1 ਦੀ ਮੌਤ ਤੇ ਦੂਜੇ ਨੌਜਵਾਨ ਦੇ ਜ਼ੇਰੇ ਇਲਾਜ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੇ ਨੇੜਲੇ ਜਾਣਕਾਰ ਨੰਬਰਦਾਰ ਬੂਟਾ ਸਿੰਘ ਚੱਕ ਫਤਿਹ ਖਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਤਹਿਸੀਲ ਅਜਨਾਲਾ ਦੇ ਪਿੰਡ ਅਲੀਵਾਲ ਕੋਟਲੀ ਦੇ 29 ਸਾਲਾ ਨੌਜਵਾਨ ਖੁਸ਼ਬੀਰ ਸਿੰਘ ਪੁੱਤਰ ਗੁਰਮੇਲ ਸਿੰਘ ਅਤੇ ਉਸ ਦੇ ਸਾਲੇ ਸਪਿੰਦਰ ਸਿੰਘ ਵਾਸੀ ਚੱਕ ਬਾਲਾ ਦੀ ਕਾਰ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿਖੇ ਕੰਮ ਤੋਂ ਵਾਪਸ ਆਉਂਦੇ ਸਮੇਂ ਇੱਕ ਵਾਹਨ ਨਾਲ ਟਕਰਾਉਣ ਕਰਕੇ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਭਿਆਨਕ ਸੜਕ ਹਾਦਸੇ ’ਚ ਖੁਸ਼ਬੀਰ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ। ਜਦਕਿ ਸਪਿੰਦਰ ਸਿੰਘ ਗੰਭੀਰ ਰੂਪ ’ਚ ਜ਼ਖ਼ਮੀ ਹੋਣ ਕਰਕੇ ਕੈਨੇਡਾ ਵਿਖੇ ਜ਼ੇਰੇ ਇਲਾਜ ਹੈ। ਇੱਥੇ ਦਸਣਯੋਗ ਹੈ ਕਿ ਮ੍ਰਿਤਕ ਨੌਜਵਾਨ ਖੁਸ਼ਬੀਰ ਸਿੰਘ ਆਪਣੇ ਪਿੱਛੇ ਮਾਪਿਆਂ ਸਣੇ ਆਪਣੀ ਪਤਨੀ ਤੇ ਇਕ ਸਾਲ ਦੇ ਪੁੱਤਰ ਨੂੰ ਛੱਡ ਗਿਆ ਹੈ। ਉਧਰ ਮ੍ਰਿਤਕ ਨੌਜਵਾਨ ਦੇ ਮਾਪਿਆਂ ਵੱਲੋਂ ਪੰਜਾਬ ਤੇ ਕੇਂਦਰ ਸਰਕਾਰ ਤੋਂ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਵਾਪਸ ਲਿਆਉਣ ’ਚ ਮਦਦ ਦੀ ਮੰਗ ਕੀਤੀ ਗਈ ਹੈ।
Last Updated : Feb 3, 2023, 8:24 PM IST