Hoshiarpur News: ਗੜ੍ਹਸ਼ੰਕਰ 'ਚ ਚੋਰਾਂ ਦੇ ਨਿਸ਼ਾਨੇ 'ਤੇ ਟੈਲੀਕਾਮ ਦੀਆਂ ਦੁਕਾਨਾਂ, ਕੁਝ ਹੀ ਪਲਾਂ 'ਚ ਲੱਖਾਂ ਦੇ ਮੋਬਾਈਲ ਕੀਤੇ ਚੋਰੀ - ਗੜ੍ਹਸ਼ੰਕਰ ਵਿਚ ਚੋਰੀ ਹੋਏ ਲੱਖਾਂ ਦੇ ਫੋਨ
Published : Sep 23, 2023, 2:13 PM IST
ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਵਿੱਚ ਨਿੱਤ ਦਿਨ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਸਥਾਨਕ ਬੱਸ ਅੱਡੇ ਕੋਲ ਮੌਜੂਦ ਇੱਕ ਮੋਬਾਈਲ ਦੀ ਦੁਕਾਨ ਵਿੱਚ ਲੱਖਾਂ ਦਾ ਸਮਾਨ ਚੋਰੀ ਕਰਕੇ ਚੋਰ ਫਰਾਰ ਹੋ ਗਏ। ਚੋਰ ਲੱਖਾਂ ਰੁਪਏ ਦੇ ਮਹਿੰਗੇ ਮੋਬਾਇਲ ਫੋਨ ਚੋਰੀ ਕਰ ਫਰਾਰ ਹੋ ਗਏ, ਇੰਨਾ ਹੀ ਨਹੀਂ ਚੋਰਾਂ ਵਲੋਂ ਦੁਕਾਨ 'ਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਡੀਵੀਆਰ ਵੀ ਨਾਲ ਲੈ ਗਏ। ਘਟਨਾ ਦੀ ਸੂਚਨਾ ਤੋਂ ਬਾਅਦ ਥਾਣਾ ਮਾਡਲ ਟਾਊਨ ਦੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਤੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਦੀਪਕ ਨੇ ਦੱਸਿਆ ਕਿ ਬੀਤੀ ਰਾਤ 9 ਵਜੇ ਦੇ ਕਰੀਬ ਉਹ ਦੁਕਾਨ ਬੰਦ ਕਰਕੇ ਘਰ ਚਲੇ ਗਏ ਸਨ ਤੇ ਅੱਜ ਜਦੋਂ ਉਨ੍ਹਾਂ ਦੇ ਵਰਕਰ ਵੱਲੋਂ ਦੁਕਾਨ ਖੋਲ੍ਹੀ ਗਈ ਤਾਂ ਦੁਕਾਨ ਅੰਦਰੋਂ ਮਹਿੰਗੇ ਮੋਬਾਇਲ ਫੋਨ ਚੋਰੀ ਹੋ ਚੁੱਕੇ ਸਨ। ਇਸ ਦੇ ਨਾਲ ਹੀ ਗੱਲ੍ਹੇ 'ਚ ਪਈ ਕੁਝ ਨਕਦੀ ਵੀ ਗਾਇਬ ਸੀ। ਦੁਕਾਨ ਮਾਲਿਕ ਦੀਪਕ ਨੇ ਦੱਸਿਆ ਕਿ ਇਸ ਘਟਨਾ ਨਾਲ ਤਕਰੀਬਨ 4 ਤੋਂ 5 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।