ਫਟੇ ਟਾਇਰ ਸਣੇ ਸਕੂਲ ਵੈਨ ਚਲਾ ਕੇ ਲੈ ਗਿਆ ਚਾਲਕ, ਬੱਚਿਆਂ ਨੇ ਕਿਹਾ- ਅੰਕਲ ਦੀ ਗ਼ਲਤੀ ਨ੍ਹੀਂ, ਖਸਤਾ ਸੜਕ ਕਾਰਨ ਫੱਟਿਆ ਟਾਇਰ - ਸਕੂਲ ਵੈਨ
ਅੰਮ੍ਰਿਤਸਰ : ਅੰਮ੍ਰਿਤਸਰ ਦੇ ਪਿੰਡ ਬੋਬਾ ਤੋਂ ਇਕ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਕ ਸਕੂਲ ਵੈਨ ਚਾਲਕ, ਵੈਨ ਦਾ ਟਾਇਰ ਫਟਣ ਹੋਣ ਦੇ ਬਾਵਜੂਦ ਉਸ ਨੂੰ ਚਲਾ ਰਿਹਾ ਹੈ ਤੇ ਇਕ ਕਿਲੋਮੀਟਰ ਤਕ ਉਹ ਵੈਨ ਨੂੰ ਇਸੇ ਹਾਲਤ ਵਿੱਚ ਲੈ ਗਿਆ। ਕੁਝ ਦੂਰੀ ਉਤੇ ਜਾਣ ਮਗਰੋਂ ਵੈਨ ਦਾ ਟਾਇਰ ਵ੍ਹੀਲ ਨਾਲੋਂ ਉੱਖੜ ਗਿਆ। ਹਾਲਾਂਕਿ ਇਸ ਤਰ੍ਹਾਂ ਵੈਨ ਚਲਾਉਣ ਨਾਲ ਕਿਸੇ ਹਾਦਸੇ ਦਾ ਵੀ ਖਦਸ਼ਾ ਸੀ, ਪਰ ਜਦੋਂ ਇਸ ਸਬੰਧੀ ਵੈਨ ਚਾਲਕ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਬਰਸਾਤ ਕਾਰਨ ਟਾਇਰ ਫਟਣ ਦੀ ਕੋਈ ਆਵਾਜ਼ ਨਹੀਂ ਆਈ। ਬੱਚਿਆਂ ਨੇ ਦੱਸਿਆ ਕਿ ਪਿੰਡ ਦੀ ਮੁੱਖ ਸੜਕ ਵਿਚਕਾਰੋਂ ਟੁੱਟੀ ਹੋਈ ਹੈ। ਸੜਕ ਬਹੁਤ ਹੀ ਖ਼ਰਾਬ ਸੀ, ਜਿਸ ਕਾਰਨ ਵੈਨ ਦਾ ਟਾਇਰ ਫਟ ਗਿਆ, ਪਰ ਡਰਾਈਵਰ ਅੰਕਲ ਦਾ ਕਸੂਰ ਨਹੀਂ ਸੀ।