ਸੁਲਤਾਨਪੁਰ ਲੋਧੀ 'ਚ ਬਣਨ ਜਾ ਰਹੇ ਰਾਮ ਰਹੀਮ ਦੇ ਡੇਰੇ ਦਾ ਸਿੱਖ ਜਥੇਬੰਦੀਆਂ ਨੇ ਕੀਤਾ ਵਿਰੋਧ, ਕਿਹਾ- ਬਾਬੇ ਨਾਨਕ ਦੀ ਧਰਤੀ 'ਤੇ ਨਹੀਂ ਬਣੇਗਾ ਕੋਈ ਡੇਰਾ
Published : Jan 18, 2024, 10:37 AM IST
ਸੁਲਤਾਨਪੁਰ ਲੋਧੀ ਦੇ ਪਿੰਡ ਫਰੀਦਕੋਟ ਵਿੱਚ ਜੇਲ੍ਹ ਬੰਦ ਸੋਦਾ ਸਾਧ ਰਾਮ ਰਹੀਮ ਦੇ ਸਮਰਥਕਾਂ ਵੱਲੋਂ ਇੱਕ ਡੇਰਾ ਬਣਾਇਆ ਜਾ ਰਿਹਾ ਹੈ। ਇਸ ਬਾਬਤ ਜ਼ਮੀਨ ਦੀ ਖਰੀਦ ਕਰ ਲਈ ਗਈ ਹੈ ਅਤੇ ਉਸਦਾ ਇੰਤਕਾਲ ਵੀ ਚੜ੍ਹ ਚੁੱਕਿਆ ਹੈ। ਜਦੋਂ ਇਸ ਸਬੰਧੀ ਵੱਖ-ਵੱਖ ਸਿੱਖ ਜਥੇਬੰਦੀਆਂ ਨੂੰ ਸੂਚਨਾ ਮਿਲੀ ਤਾਂ ਉਹਨਾਂ ਵੱਲੋਂ ਇਕੱਤਰਤਾ ਕਰਕੇ ਨਿਰਮਾਣ ਕਾਰਜ ਨੂੰ ਬੰਦ ਕਰਵਾਉਣ ਦੀ ਅਪੀਲ ਕੀਤੀ ਗਈ। ਇਸ ਮੌਕੇ ਉੱਤੇ ਸਤਿਕਾਰ ਕਮੇਟੀ, ਐੱਸਜੀਪੀਸੀ ਮੈਂਬਰ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅਤੇ ਅਤੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਆਗੂਆਂ ਨੇ ਇੱਕ ਵਿਸ਼ੇਸ਼ ਬੈਠਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਕੀਤੀ ਗਈ ਜਿਸ ਵਿੱਚ ਇਸ ਡੇਰੇ ਦੇ ਨਿਰਮਾਣ ਦੀ ਨਿਖੇਧੀ ਕੀਤੀ ਗਈ। ਉਨ੍ਹਾਂ ਸਾਂਝੇ ਤੌਰ ਉੱਤੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਨਗਰੀ ਵਿੱਚ ਕਿਸੇ ਵੀ ਕੀਮਤ ਉੱਤੇ ਉਕਤ ਡੇਰਾ ਨਹੀਂ ਬਣਨ ਦਿੱਤਾ ਜਾਵੇਗਾ। ਮਾਮਲੇ ਸਬੰਧੀ ਪੁਲਿਸ ਪ੍ਰਸ਼ਾਸਨ ਨੂੰ ਜਥੇਬੰਦੀਆਂ ਵੱਲੋਂ ਇੱਕ ਸਾਂਝਾ ਮੰਗ ਪੱਤਰ ਵੀ ਸੌਂਪਿਆ ਗਿਆ।