ਹਿੱਟ ਐਂਡ ਰਨ ਕਾਨੂੰਨ ਦੇ ਵਿਰੋਧ ਵਿੱਚ ਸੂਬੇ ਭਰ ਦੇ ਸਕੂਲ ਵੈਨ ਚਾਲਕਾਂ ਨੇ ਕੀਤੀ ਹੜਤਾਲ - ਸਕੂਲ ਵੈਨ ਚਾਲਕ
Published : Jan 4, 2024, 3:41 PM IST
ਬਠਿੰਡਾ:ਇਕ ਜਨਵਰੀ ਤੋਂ ਦੇਸ਼ ਭਰ ਵਿੱਚ ਲਾਗੂ ਕੀਤੇ ਹਿੱਟ ਐਂਡ ਰਨ ਕਾਨੂੰਨ ਦਾ ਡਰਾਈਵਰਾਂ ਵੱਲੋਂ ਪੁਰਜ਼ੋਰ ਵਿਰੋਧ ਕੀਤਾ ਜਾ ਰਿਹਾ ਹੈ। ਅੱਜ ਸਕੂਲ ਵੈਨ ਚਾਲਕਾਂ ਵੱਲੋਂ ਸੂਬੇ ਭਰ ਦੇ ਵਿੱਚ ਇੱਕ ਰੋਜ਼ਾ ਹੜਤਾਲ ਕਰਕੇ ਕੇਂਦਰ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਵੈਨ ਚਾਲਕ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਮਾਤਰ ਅੱਠ ਤੋਂ 10 ਹਜਾਰ ਰੁਪਏ ਮਹੀਨੇ 'ਤੇ ਨੌਕਰੀ ਕਰਨ ਵਾਲੇ ਡਰਾਈਵਰਾਂ ਨੂੰ ਕੇਂਦਰ ਸਰਕਾਰ ਹਿੱਟ ਐਂਡ ਰਨ ਕਾਨੂੰਨ ਰਾਹੀਂ ਬੇਰੁਜ਼ਗਾਰ ਕਰਨਾ ਚਾਹੁੰਦੀ ਹੈ ਕਿਉਂਕਿ 10 ਸਾਲ ਦੀ ਸਜ਼ਾ ਅਤੇ 7 ਲੱਖ ਰੁਪਏ ਜੁਰਮਾਨੇ ਭਰਨਾ ਹਰ ਇੱਕ ਡਰਾਈਵਰ ਦੇ ਵੱਸ ਦੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਸੜਕ 'ਤੇ ਜਾਂਦੇ ਸਮੇਂ ਕੁਦਰਤੀ ਹਾਦਸੇ ਵਾਪਰ ਜਾਂਦੇ ਹਨ ਪਰ ਸਰਕਾਰ ਵੱਲੋਂ ਇਸ ਕਾਨੂੰਨ ਵਿੱਚ ਜਿਸ ਤਰ੍ਹਾਂ ਡਰਾਈਵਰਾਂ ਨੂੰ ਨਿਸ਼ਾਨਾ ਬਣਾ ਕੇ ਲਾਗੂ ਕੀਤਾ ਗਿਆ ਹੈ, ਇਸ ਨਾਲ ਦੇਸ਼ ਦੀ ਰੀੜ ਦੀ ਹੱਡੀ ਕਮਜ਼ੋਰ ਹੋਵੇਗੀ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਗਰੀਬ ਘਰਾਂ ਦੇ ਨੌਜਵਾਨ ਡਰਾਈਵਰ ਦਾ ਕੰਮ ਕਰਦੇ ਹਨ, ਇੰਨੀ ਵੱਡੀ ਸਜ਼ਾ ਤੇ ਭਾਰੀ ਜੁਰਮਾਨੇ ਦੇ ਚੱਲਦਿਆਂ ਗਰੀਬ ਲੋਕਾਂ ਵੱਲੋਂ ਡਰਾਈਵਰੀ ਦਾ ਕਿੱਤਾ ਛੱਡ ਕੇ ਕੋਈ ਹੋਰ ਰੁਜ਼ਗਾਰ ਲੱਭਿਆ ਜਾਵੇਗਾ। ਜਿਸ ਦਾ ਅਸਰ ਦੇਸ਼ ਦੀ ਆਰਥਿਕਤਾ 'ਤੇ ਵੀ ਪਵੇਗਾ। ਉਹਨਾਂ ਕਿਹਾ ਕਿ ਜੇ ਕੇਂਦਰ ਵੱਲੋਂ ਹਿੱਟ ਐਂਡ ਰਨ ਕਾਨੂੰਨ ਨੂੰ ਵਾਪਸ ਨਾ ਲਿਆ ਤਾਂ ਆਉਂਦੇ ਦਿਨਾਂ ਵਿੱਚ ਇਹ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।