ਪੰਜਾਬ ਮਨਿਸਟਰ ਕਾਮਿਆਂ ਨੇ ਪੀਪੇ ਖੜਕਾ ਕੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਜ਼ੋਰਦਾਰ ਪ੍ਰਦਰਸ਼ਨ - ਬਠਿੰਡਾ
Published : Dec 2, 2023, 3:43 PM IST
ਬਠਿੰਡਾ: ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 24 ਦਿਨਾਂ ਤੋਂ ਕੀਤਾ ਜਾ ਰਿਹਾ ਸੰਘਰਸ਼ ਲਗਾਤਾਰ ਤਿੱਖਾ ਹੁੰਦਾ ਜਾ ਰਿਹਾ ਹੈ। ਇਸ ਹੀ ਤਹਿਤ ਬਠਿੰਡਾ ਬਾਡੀ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਪੀਪੇ ਅਤੇ ਭਾਂਡੇ ਖੜਕਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਡੀਸੀ ਦਫਤਰ ਦੇ ਸਾਹਮਣੇ ਇੱਕ ਰੋਸ ਮਾਰਚ ਵੀ ਕੱਢਿਆ ਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਰਕਾਰ ਉਨਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ, ਜਿਸਦੇ ਚਲਦਿਆਂ ਆਉਣ ਵਾਲੇ ਦਿਨਾਂ ਵਿੱਚ ਘੜੇ ਭੰਨ੍ਹ ਕੇ ਰੋਸ ਪ੍ਰਦਰਸ਼ਨ ਕੀਤਾ ਜ ਰਿਹਾ ਹੈ। ਮੁਲਾਜ਼ਮਾਂ ਨੇ ਕਿਹਾ ਕਿ ਅਗਰ ਸਾਡੀ ਸੁਣਵਾਈ ਨਾ ਹੋਈ ਤਾਂ ਆਪ ਸਰਕਾਰ ਦੇ ਵਿਧਾਇਕਾਂ ਦੇ ਘਰਾਂ ਅੱਗੇ ਵੀ ਧਰਨੇ ਲਗਾਏ ਜਾਣਗੇ, ਪ੍ਰਦਰਸ਼ਨਕਾਰੀ ਔਰਤਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਵਾਸੀਆਂ ਲਈ ਨਵਾਂ ਕੁਝ ਕਰਨ ਦੀ ਬਜਾਏ ਸਿਰਫ ਪੁਰਾਣੀਆਂ ਪਾਰਟੀਆਂ ਨੂੰ ਭੰਡਣ ਵਿੱਚ ਲੱਗੇ ਹੋਏ ਹਨ। ਪੰਜਾਬ ਦੇ ਲੋਕਾਂ ਲਈ ਨਵਾਂ ਕੀ ਕਰਨਾ ਹੈ ਜਾਂ ਉਹਨਾਂ ਦੀਆਂ ਮੁਸ਼ਕਿਲਾਂ ਕਿਸ ਤਰ੍ਹਾਂ ਹੱਲ ਕਰਨੀਆਂ ਹਨ ਉਸ ਲਈ ਸਰਕਾਰ ਕੋਲ ਕੋਈ ਵਿਜ਼ਨ ਨਹੀਂ ਹੈ।