ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਾਸਰਕੇ ਭੈਣੀ ਤੋਂ ਕੱਢਿਆ ਗਿਆ ਵਿਸ਼ਾਲ ਨਗਰ ਕੀਰਤਨ - ਪ੍ਰਕਾਸ਼ ਪੁਰਬ ਗੁਰੂ ਗੋਬਿੰਦ ਸਿੰਘ ਜੀ
Published : Jan 15, 2024, 5:18 PM IST
ਅੰਮ੍ਰਿਤਸਰ :ਦਸਮ ਪਾਤਸ਼ਾਹ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸੰਤ ਬਾਬਾ ਮੋਹਰ ਸਿੰਘ ਜੀ ਵੱਡਾ ਗੁਰਦੁਆਰਾ ਸਾਹਿਬ ਨਾਥੂ ਕੀ ਪੱਤੀ ਪਿੰਡ ਬਾਸਰਕੇ ਭੈਣੀ ਤੋਂ ਸਜਾਇਆ ਗਿਆ। ਇਸ ਮੌਕੇ ਵਿਸ਼ਾਲ ਨਗਰ ਕੀਰਤਨ ਸੰਗਤਾਂ ਨੂੰ ਦਰਸ਼ਨ ਦੀਦਾਰੇ ਕਰਵਾਉਂਦਾ ਹੋਇਆ ਦੇਰ ਸ਼ਾਮ ਵੱਡਾ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਵੇਗਾ। ਇਸ ਮੌਕੇ ਇਸ ਨਗਰ ਕੀਰਤਨ 'ਚ ਸੰਗਤਾਂ ਸੈਂਕੜਿਆਂ ਦੀ ਗਿਣਤੀ ਵਿੱਚ ਸ਼ਾਮਿਲ ਹੋਈਆਂ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਸਾਡੇ ਵੱਡ ਵਡੇਰਿਆਂ ਤੋਂ ਮਾਘੀ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਬੀਤੇ ਦਿਨਾਂ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਕੀਤੇ। ਜਿਨਾਂ ਦਾ ਭੋਗ ਪੈਣ ਉਪਰੰਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਹ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਭਾਈ ਲਾਲੋ ਜੀ,ਗੁਰਦੁਆਰਾ, ਸ੍ਰੀ ਕਲਗੀਧਰ ਸਾਹਿਬ, ਗੁਰੂਦੁਆਰਾ ਬਾਬਾ ਜੀਵਨ ਸਿੰਘ ,ਗੁਰਦੁਆਰਾ ਸਿੰਘ ਸਭਾ, ਦੰਦੂ ਰਾਮ ਡੇਰਾ ਆਦੀ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਭੈਣੀ ਚੌਂਕ ਵਿਖੇ ਪਹੁੰਚਣ ਤੇ ਸਮੂਹ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।