Baba Bakala Sahib News : ਬਰਸਾਤਾਂ ਦੌਰਾਨ ਨੁਕਸਾਨੇ ਗਏ ਘਰਾਂ ਦੀ ਰਿਪੇਅਰ ਲਈ ਪੀੜਤਾਂ ਨੂੰ ਵੰਡੇ ਸਹਾਇਤਾ ਰਾਸ਼ੀ ਚੈੱਕ - ਅਲਕਾ ਕਾਲੀਆ
Published : Aug 31, 2023, 10:05 AM IST
ਬਾਬਾ ਬਕਾਲਾ ਸਾਹਿਬ/ਅੰਮ੍ਰਿਤਸਰ:ਬੀਤੇ ਦਿਨਾਂ ਦੌਰਾਨ ਹੋਈ ਮੋਹਲੇਧਾਰ ਬਾਰਿਸ਼ ਕਾਰਨ ਗਰੀਬ ਲੋਕਾਂ ਦੇ ਢਹੇ ਘਰਾਂ ਦੀ ਰਿਪੇਅਰ ਅਤੇ ਤਿਆਰੀ ਲਈ ਅੱਜ ਉਪ ਮੰਡਲ ਮੈਜਿਸਟਰੇਟ ਬਾਬਾ ਬਕਾਲਾ ਸਾਹਿਬ ਅਲਕਾ ਕਾਲੀਆ ਦੇ ਦਫਤਰ ਵਿਖੇ ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ ਵਲੋਂ ਪੰਜਾਬ ਸਰਕਾਰ ਤਰਫੋਂ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ ਗਏ। ਜਾਣਕਾਰੀ ਦਿੰਦਿਆ ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ ਨੇ ਕਿਹਾ ਕਿ ਹੜ੍ਹਾਂ ਦੌਰਾਨ ਪੰਜਾਬ ਵਾਸੀਆਂ ਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਇਸ ਦੌਰਾਨ ਕਈ ਗਰੀਬ ਘਰਾਂ ਦੀਆਂ ਛੱਤਾਂ ਬਾਰਿਸ਼ ਦੇ ਪਾਣੀ ਕਾਰਨ ਡਿੱਗ ਗਈਆਂ ਸਨ। ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਤਸਦੀਕ ਦੌਰਾਨ 17 ਘਰ ਜੌ ਕਿ ਮੁਕੰਮਲ ਡਿੱਗ ਚੁੱਕੇ ਸਨ, ਇਕ ਲੱਖ 20 ਹਜ਼ਾਰ ਰੁਪਏ, ਜੋ ਕਿ ਕੁੱਲ 20 ਲੱਖ, 40 ਹਜਾਰ ਰੁਪਏ ਹਿੱਸੇ ਆਈ ਹੈ। ਇਸੇ ਤਰ੍ਹਾਂ 42 ਘਰਾਂ ਦੀਆਂ ਛੱਤਾਂ ਜਾਂ ਫਿਰ ਬਾਲੇ ਡਿੱਗੇ ਸਨ, ਉਨ੍ਹਾਂ ਦੀ ਰਿਪੇਅਰ ਲਈ 6500 ਰੁਪਏ ਪ੍ਰਤੀ ਵਿਅਕਤੀ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਉਕਤ ਪ੍ਰਭਾਵਿਤ ਪਰਿਵਾਰਾਂ ਲਈ ਕਰੀਬ 22 ਤੋਂ 25 ਲੱਖ ਰੁਪਏ ਅੰਮ੍ਰਿਤਸਰ ਜਿਲ੍ਹੇ ਵਿੱਚੋਂ ਸਬ ਡਵੀਜ਼ਨ ਬਾਬਾ ਬਕਾਲਾ ਸਾਹਿਬ ਨੂੰ ਮਿਲਿਆ ਸੀ, ਜੋ ਕਿ ਐਸਡੀਐਮ ਬਾਬਾ ਬਕਾਲਾ ਅਲਕਾ ਕਾਲੀਆ ਅਤੇ ਸਮੁੱਚੀ ਆਪ ਟੀਮ ਦੀ ਹਾਜ਼ਰੀ ਵਿੱਚ ਵੰਡਿਆ ਗਿਆ ਹੈ।