ਪੁਲਿਸ ਨੇ ਨਾਕੇ 'ਤੇ ਰੋਕਣੀ ਚਾਹੀ ਸ਼ੱਕੀ ਗੱਡੀ ਤਾਂ ਕਾਰ ਸਵਾਰਾਂ ਨੇ ਕਰ ਦਿੱਤਾ ਕੁਝ ਹੋਰ ਹੀ ਕਾਰਾ, CCTV ਆ ਗਈ ਸਾਹਮਣੇ - ਚੋਰੀ ਦੀਆਂ ਵਾਰਦਾਤਾਂ
Published : Dec 26, 2023, 7:39 PM IST
ਫਿਰੋਜ਼ਪੁਰ:ਪੰਜਾਬ 'ਚ ਆਏ ਦਿਨ ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਵੱਧ ਗਈਆਂ ਹਨ। ਉਧਰ ਪੁਲਿਸ ਵਲੋਂ ਵੀ ਬਦਮਾਸ਼ਾਂ ਨੂੰ ਫੜਨ ਲਈ ਦਿਨ ਰਾਤ ਇੱਕ ਕੀਤਾ ਜਾ ਰਿਹਾ ਹੈ। ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ, ਜਿਥੇ ਇੱਕ ਕਾਰ ਸਵਾਰ ਨੂੰ ਜਦੋਂ ਪੁਲਿਸ ਵਲੋਂ ਨਾਕੇ 'ਤੇ ਜਾਂਚ ਲਈ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਾਰ ਸਵਾਰਾਂ ਵਲੋਂ ਪੁਲਿਸ ਮੁਲਾਜ਼ਮਾਂ 'ਤੇ ਹੀ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਤੋਂ ਬਾਅਦ ਪੁਲਿਸ ਨੇ ਖੁਦ ਦੀ ਸੁਰੱਖਿਆ ਵਜੋਂ ਗੱਡੀ ਦੇ ਟਾਇਰਾਂ 'ਚ ਦੋ ਫਾਇਰ ਕੀਤੇ ਤਾਂ ਕਾਰ ਸਵਾਰ ਚਾਰ ਨੌਜਵਾਨ ਥੋੜੀ ਅੱਗੇ ਜਾ ਕੇ ਕਾਰ ਨੂੰ ਲਵਾਰਿਸ ਛੱਡ ਕੇ ਉਥੋਂ ਫ਼ਰਾਰ ਹੋ ਗਏ। ਜਿਸ ਸਬੰਧੀ ਐਸਪੀਡੀ ਰਣਧੀਰ ਕੁਮਾਰ ਨੇ ਦੱਸਿਆ ਕਿ ਸ਼ੱਕੀ ਨੌਜਵਾਨਾਂ ਨੂੰ ਰੋਕਿਆ ਗਿਆ ਸੀ ਤਾਂ ਉਨ੍ਹਾਂ ਵਲੋਂ ਇਹ ਵਾਰਦਾਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕਾਰ ਬਰਾਮਦ ਕੀਤੀ ਗਈ, ਜਿਸ 'ਚ ਚੋਰੀ ਦਾ ਸਮਾਨ ਅਤੇ ਹੋਰ ਮਾਰੂ ਹਥਿਆਰ ਬਰਾਮਦ ਕੀਤੇ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਧਰ ਉਕਤ ਸਾਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ।