ਚਿਕਨ ਵਿੱਚ ਪਿਆ ਘੱਟ ਲੂਣ ਬਣਿਆ ਪਵਾੜੇ ਦੀ ਵਜ੍ਹਾ, ਨੌਜਵਾਨਾਂ ਨੇ ਅਹਾਤੇ 'ਤੇ ਚਲਾਈਆਂ ਗੋਲੀਆਂ - ਅੰਮ੍ਰਿਤਸਰ ਚ ਚਲੀਆਂ ਗੋਲੀਆਂ
Published : Dec 31, 2023, 2:06 PM IST
ਅੰਮ੍ਰਿਤਸਰ :ਆਏ ਦਿਨ ਸੂਬੇ ਵਿੱਚ ਅਪਰਾਧਿਕ ਵਾਰਦਾਤਾਂ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਸ਼ਰ੍ਹੇਆਮ ਗੋਲੀਆਂ ਚੱਲਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਅਜਿਹਾ ਹੀ ਮਾਮਲਾ ਇੱਕ ਵਾਰ ਫਿਰ ਤੋਂ ਸਾਹਮਣੇ ਆਇਆ ਹੈ ਅੰਮ੍ਰਿਤਸਰ ਵਿੱਚ। ਜਿੱਥੇ ਛੇਹਰਟਾ ਅਧੀਨ ਆਉਂਦੇ ਖੰਡਵਾਲਾ 'ਚ ਦੇਰ ਰਾਤ ਦੋ ਨੌਜਵਾਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਤੇ ਫੌਰੀ ਤੌਰ 'ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਿਕ ਗੋਲੀਆਂ ਖੰਡ ਵਾਲਾ ਸਥਿਤ ਇੱਕ ਅਹਾਤੇ ਦੇ ਬਾਹਰ ਚੱਲੀਆਂ। ਹੈਰਾਨੀ ਦੀ ਗੱਲ ਇਹ ਰਹੀ ਕਿ ਅਹਾਤੇ ਵਿੱਚ ਚਿਕਨ ਵਿੱਚ ਲੂਣ ਘੱਟ ਹੋਣ ਕਰਕੇ ਛੋਟੀ ਜਿਹੀ ਤਕਰਾਰ ਹੋਈ ਅਤੇ ਇਹ ਤਕਰਾਰ ਇੰਨੀ ਵਧੀ ਕਿ ਸ਼ਰੇਆਮ ਲੜਾਈ ਕਰਦਿਆਂ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ। ਫਿਲਹਾਲ ਮੌਕੇ 'ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਸੀਸੀਟੀਵੀ ਫੂਟੇਜ ਲੈ ਲਈ ਹੈ ਅਤੇ ਉਸ ਦੇ ਅਧਾਰ ਉੱਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੰਜਾਬ ਵਿੱਚ ਇਹ ਪਹਿਲਾ ਮਾਮਲਾ ਨਹੀਂ ਹੈ ਜਿੱਥੇ ਛੋਟੀ ਜਿਹੀ ਗੱਲ ਨੂੰ ਲੈ ਕੇ ਗੋਲੀ ਚੱਲਣ ਦੀ ਵਾਰਦਾਤ ਸਾਹਮਣੇ ਆਈ ਹੋਵੇ ਇਸ ਤੋਂ ਪਹਿਲਾਂ ਵੀ ਬਹੁਤ ਵਾਰ ਛੋਟੀ ਛੋਟੀ ਗੱਲਾਂ ਨੂੰ ਲੈ ਕੇ ਪੰਜਾਬ ਵਿੱਚ ਗੋਲੀ ਚੱਲਣ ਦੀ ਵਾਰਦਾਤ ਸਾਹਮਣੇ ਆਉਂਦੀ ਰਹੀ ਹੈ।