Kapurthala Fire News: ਕਪੂਰਥਲਾ ਰੇਲ ਕੋਚ ਫੈਕਟਰੀ ਨੇੜੇ ਦਰਜਨਾਂ ਝੁੱਗੀਆਂ ਸੜ ਕੇ ਹੋਈਆ ਸੁਆਹ, ਵਾਲ-ਵਾਲ ਬਚੇ ਪਰਵਾਸੀ - Kapurthala Rail Coach Factory news
Published : Nov 6, 2023, 11:24 AM IST
ਕਪੂਰਥਲਾ ਦੀ ਰੇਲ ਕੋਚ ਫੈਕਟਰੀ ਦੇ ਗੇਟ ਨੰ 3 ਦੇ ਨਜ਼ਦੀਕ ਪ੍ਰਵਾਸੀ ਮਜ਼ਦੂਰਾਂ ਵੱਲੋਂ ਬਣਾਈਆਂ ਝੁੱਗੀਆਂ ਨੂੰ ਭਿਆਨਕ ਅੱਗ ਲੱਗ ਗਈ, ਜਿਸ ਨੇ ਦੇਖਦੇ ਹੀ ਦੇਖਦੇ ਭਿਆਨਕ ਰੂਪ ਅਖਤਿਆਰ ਕਰ ਲਿਆ ਤੇ ਕਰੀਬ 90 ਝੁੱਗੀਆਂ ਨੂੰ ਸਾੜ ਕੇ ਸੁਆਹ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਝੂਗੀਆਂ ਵਿੱਚ ਰਹਿਣ ਵਾਲੇ ਪਰਵਾਸੀ ਮਜਦੂਰਾਂ ਉਹਨਾਂ ਦੇ ਬੱਚਿਆਂ ਵਿੱਚ ਸਹਿਮ ਦਾ ਮਾਹੌਲ ਬਣ ਗਿਆ। ਹਾਦਸੇ ਦੀ ਸੂਚਨਾਂ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਅਤੇ ਅੱਗ ਉੱਤੇ ਕਾਬੂ ਪਾਉਣ ਦੀ ਕਾਰਵਾਈ ਸ਼ੁਰੂ ਕੀਤੀ। ਅਧਿਕਾਰੀਆਂ ਵਲੋਂ ਅੱਗ 'ਤੇ ਕਾਬੂ ਪਾਉਣ ਲਈ ਕਾਫੀ ਕੋਸ਼ਿਸ਼ ਕਰਨੀ ਪਈ। ਪਰ ਜਦੋਂ ਤਕ ਸਫਲ ਹੁੰਦੇ ਉਦੋਂ ਤੱਕ ਝੂਗੀਆਂ ਸੜ ਕੇ ਸੁਆਹ ਹੋ ਗਈਆਂ। ਮਿਲੀ ਜਾਣਕਾਰੀ ਅਨੁਸਾਰ ਅੱਗ ਲੱਗਣ ਦਾ ਕਾਰਨ ਗੈਸ ਸਿਲੰਡਰ ਦਾ ਫਟਣਾ ਦੱਸਿਆ ਜਾ ਰਿਹਾ ਹੈ। ਜਿਥੇ ਇੱਕ ਦੁਕਾਨ ਦੇ ਅੰਦਰ ਗੈਸ ਸਿਲੰਡਰ ਮੌਜੂਦ ਸੀ ਤੇ ਉਹ ਲੀਕ ਹੋ ਗਿਆ ਸੀ ਜਿਸ ਕਾਰਨ ਅੱਗ ਝੁੱਗੀਆਂ ਅੰਦਰ ਫੈਲ ਗਈ ਪਰ ਗਣੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਫਿਲਹਾਲ ਇਹਨਾਂ ਪੀੜਤ ਪ੍ਰਵਾਸੀਆਂ ਵਲੋਂ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ।