ਐਕਸ਼ਨ 'ਚ ਪੁਲਿਸ: ਬਠਿੰਡਾ ਦੇ ਜੇਠੂਕੇ ਵਿਖੇ ਨਸ਼ਾ ਤਸਕਰ ਦੀ ਜਾਇਦਾਦ ਕੀਤੀ ਜ਼ਬਤ - DRUG SMUGGLER
Published : Jan 9, 2024, 6:41 PM IST
ਬਠਿੰਡਾ:ਨਸ਼ਾ ਵੇਚ ਕੇ ਨਾਜਾਇਜ਼ ਜਾਇਦਾਦ ਬਣਾਉਣ ਵਾਲਿਆਂ ਦੀ ਹੁਣ ਖੈਰ ਨਹੀਂ ਕਿਉਂਕਿ ਪੰਜਾਬ ਸਰਕਾਰ ਨੇ ਹੁਣ ਨਸ਼ਿਆਂ ਦੇ ਸੌਦਾਗਰਾਂ ਨੂੰ ਨੱਥ ਪਾਉਣ ਦਾ ਵੱਡਾ ਫੈਸਲਾ ਕੀਤਾ ਹੈ। ਪਿੰਡ ਜੇਠੂਕੇ ਵਿਖੇ ਪਿਛਲੇ ਸਮਿਆਂ ਦੌਰਾਨ ਪੋਸਤ ਵੇਚ ਰਣਜੀਤ ਸਿੰਘ ਜੇਠੂਕੇ ਵੱਲੋਂ ਬਣਾਈ 15 ਕਨਾਲਾਂ ਜਮੀਨ ਨੂੰ ਪੁਲਿਸ ਵਿਭਾਗ ਨੇ ਜ਼ਬਤ ਕਰਕੇ ਉਸ ਦੇ ਘਰ ਅੱਗੇ ਨੋਟਿਸ ਲਗਾ ਦਿੱਤਾ।ਇਸ ਸਬੰਧੀ ਗੱਲਬਾਤ ਕਰਦਿਆਂ ਪੁਲਿਸ ਅਧਿਕਾਰੀ ਮੋਹਿਤ ਅਗਰਵਾਲ ਨੇ ਦੱਸਿਆ ਕਿ ਡੀ.ਜੀ.ਪੀ ਪੰਜਾਬ ਦੀਆਂ ਸਖ਼ਤ ਹਦਾਇਤਾਂ 'ਤੇ ਕਾਰਵਾਈ ਕੀਤੀ ਹੈ। ਉਨ੍ਹਾਂ ਦੱਸਿਆ ਕਿ ਰਣਜੀਤ ਸਿੰਘ ਪੁੱਤਰ ਸੁਰਜੀਤ ਸਿੰਘ 'ਤੇ 4-5 ਕੇਸ ਦਰਜ ਹਨ, ਜਿਸ ਵਿੱਚ ਇਸਨੂੰ ਇੱਕ ਕੇਸ ਵਿੱਚ 10 ਸਾਲ ਦੀ ਸਜ਼ਾ ਵੀ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਰਣਜੀਤ ਸਿੰਘ ਨੇ ਪਿਛਲੇ ਸਮਿਆਂ ਦੌਰਾਨ 7 ਕਨਾਲ 15 ਮਰਲੇ ਪਿੰਡ ਕਰਾੜਵਾਲਾ ਵਿਖੇ ਅਤੇ 5 ਕਨਾਲਾਂ 10 ਮਰਲੇ ਅਤੇ 4 ਕਨਾਲਾਂ 4 ਮਰਲੇ ਪਿੰਡ ਜੇਠੂਕੇ ਵਿਖੇ ਜ਼ਾਇਦਾਦ ਬਣਾਈ ਗਈ। ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਪੁਲਿਸ ਵਲੋਂ ਥਾਣਾ ਭਗਤਾ ਦੇ ਇੱਕ ਪਿੰਡ ਵਿੱਚ ਵੀ ਜ਼ਮੀਨ ਜ਼ਬਤ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਜਿਹੜੇ ਵੀ ਨਸ਼ਿਆਂ ਦੇ ਸੌਦਾਗਰਾਂ ਨੇ ਕਿਸੇ ਵੀ ਤਰ੍ਹਾਂ ਦਾ ਨਸ਼ਾ ਵੇਚ ਕੇ ਕੋਈ ਨਾਜਾਇਜ਼ ਜਾਇਦਾਦ ਬਣਾਈ, ਉਨ੍ਹਾਂ ਦੀਆਂ ਜ਼ਾਇਦਾਦਾਂ ਨੂੰ ਪੁਲਿਸ ਵੱਲੋਂ ਜ਼ਬਤ ਕੀਤਾ ਜਾਵੇਗਾ।