ਤੇਜ਼ ਰਫ਼ਤਾਰ ਟਰੱਕ ਹੇਠਾਂ ਆਉਣ ਨਾਲ ਮਹਿਲਾ ਦੀ ਮੌਤ, ਟਰੱਕ ਚਾਲਕ ਗ੍ਰਿਫ਼ਤਾਰ - jalandhar latest crime news
ਜਲੰਧਰ : ਸ਼ਹਿਰ 'ਚ ਥਾਣਾ ਨੰਬਰ 6 ਦੇ ਇਲਾਕੇ 'ਚ ਇੱਕ ਭਿਆਨਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਹੈ। ਇਸ ਸੜਕ ਹਾਦਸੇ ਬਾਰੇ ਦੱਸਦੇ ਹੋਏ ਏਐੱਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਸ਼ਹਿਰ ਦੇ ਗੁਰੂ ਨਾਨਕ ਮਿਸ਼ਨ ਹਸਪਤਾਲ ਨੇੜੇ ਕਰਫਿਊ ਦੇ ਚਲਦੇ ਪੱਕਾ ਨਾਕਾ ਲਗਾਇਆ ਗਿਆ ਹੈ। ਉਨ੍ਹਾਂ ਇੱਕ ਤੇਜ਼ ਰਫ਼ਤਾਰ ਟਰੱਕ ਦੇ ਨਾਲ-ਨਾਲ ਇੱਕ ਨੌਜਵਾਨ ਨੂੰ ਪਿਛਾ ਕਰਦੇ ਵੇਖਿਆ। ਪੁਲਿਸ ਨੇ ਦੋਹਾਂ ਦਾ ਪਿੱਛਾ ਕੀਤਾ ਤਾਂ ਉਨ੍ਹਾਂ ਨੂੰ ਨੌਜਵਾਨ ਨੇ ਦੱਸਿਆ ਕਿ ਇਹ ਟਰੱਕ ਡਰਾਈਵਰ ਰਿਹਾਇਸ਼ੀ ਇਲਾਕੇ ਤੋਂ ਤੇਜ਼ ਰਫ਼ਤਾਰ ਨਾਲ ਟਰੱਕ ਚਲਾ ਕੇ ਲਿਆ ਰਿਹਾ ਸੀ, ਜਿਸ ਕਾਰਨ ਟਰੱਕ ਹੇਠਾਂ ਆਉਂਣ ਨਾਲ ਇੱਕ ਮਹਿਲਾ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਟਰੱਕ ਡਰਾਈਵਰ ਮਹਿਲਾ ਨੂੰ ਦਰੜਦਾ ਹੋਇਆ ਟਰੱਕ ਭਜਾ ਕੇ ਲੈ ਗਿਆ, ਪਰ ਉਕਤ ਨੌਜਵਾਨ ਦੀ ਮਦਦ ਨਾਲ ਪੁਲਿਸ ਨੇ ਮੁਲਜ਼ਮ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਮੁਲਜ਼ਮ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।