ਕਣਕ ਚੋਰੀ ਕਰਨ ਵਾਲੇ ਗਿਰੋਹ ਦੇ 2 ਮੈਂਬਰ ਕਾਬੂ, 429 ਬੋਰੀਆਂ ਬਰਾਮਦ
ਤਰਨ ਤਾਰਨ ਦੇ ਪੱਟੀ ਵਿਖੇ ਬੀਤੇ ਦਿਨੀ ਪਨਸਪ ਕੰਪਨੀ ਦੇ ਸਟੋਰ 'ਤੇ ਅਣਪਛਾਤੇ ਲੋਕਾਂ ਵੱਲੋਂ ਕਣਕ ਚੋਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਪੁਲਿਸ ਨੇ ਇਸ ਮਾਮਲੇ ਨੂੰ ਸੁਲਝਾਉਂਦੇ ਹੋਏ ਕਣਕ ਚੋਰੀ ਕਰਨ ਵਾਲੇ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਕਵੰਲਪ੍ਰੀਤ ਸਿੰਘ ਨੇ ਦੱਸਿਆ ਕਿ 26 ਜਨਵਰੀ 2020 ਨੂੰ ਪਨਸਪ ਦੇ ਇੰਸਪੈਕਟਰ ਰਾਜਬੀਰ ਸਿੰਘ ਨੇ ਸਿਟੀ ਥਾਣੇ 'ਚ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਮੁਤਾਬਕ ਤੇਜ਼ਧਾਰ ਹਥਿਆਰਾਂ ਨਾਲ ਲੈ ਅਣਪਛਾਤੇ ਲੋਕਾਂ ਦੇ ਗਿਰੋਹ ਨੇ ਚੌਂਕੀਦਾਰ ਨੂੰ ਬੰਦੀ ਬਣਾ ਸਟੋਰ ਕੀਤੀ ਗਈ ਕਣਕ ਦੇ 542 ਬੋਰੀਆਂ ਚੋਰੀ ਕੀਤੀਆਂ ਸਨ। ਚੋਰੀ ਕੀਤੀ ਗਈ 271 ਕੁਇੰਟਲ ਕਣਕ ਦੀ ਕੁੱਲ ਕੀਮਤ 5 ਲੱਖ 94 ਹਜ਼ਾਰ ਰੁਪਏ ਬਣਦੀ ਹੈ। ਪੁਲਿਸ ਵੱਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਇਸ ਚੋਰੀ 'ਚ ਸ਼ਾਮਲ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਮੰਗਲ ਸਿੰਘ ਤੇ ਕਾਬਲ ਸਿੰਘ ਵਜੋਂ ਹੋਈ ਹੈ। ਕਾਬੂ ਕੀਤੇ ਗਏ ਮੁਲਜ਼ਮਾਂ ਦੀ ਨਿਸ਼ਾਨਦੇਹੀ ਮੁਤਾਬਕ ਹੁਣ ਤੱਕ 429 ਬੋਰੀਆਂ ਸਣੇ 1 ਟਰੱਕ ਬਰਾਮਦ ਕੀਤਾ ਗਿਆ ਹੈ। ਪੁਲਿਸ ਵੱਲੋਂ ਇਸ 10 ਮੈਂਬਰੀ ਗਿਰੋਹ ਦੇ ਹੋਰਨਾਂ ਮੈਂਬਰਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।