ਲੁੱਟਾਂ-ਖੋਹਾਂ ਕਰਨ ਵਾਲਾ ਗਿਰੋਹ ਚੜ੍ਹਿਆ ਪੁਲਿਸ ਦੇ ਅੜਿੱਕੇ - ਬਰਨਾਲਾ ਕ੍ਰਾਇਮ ਨਿਊਜ਼ ਅਪਡੇਟ
ਬਰਨਾਲਾ ਪੁਲਿਸ ਨੇ ਲੁੱਟ-ਖੋਹ ਕਰਨ ਵਾਲੇ ਇੱਕ ਗਿਰੋਹ ਦੇ ਛੇ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਲੁੱਟੇਰਿਆਂ ਦਾ ਇਹ ਗਿਰੋਹ ਬਠਿੰਡਾ ਦਾ ਹੈ ਜੋ ਕਿ ਬਰਨਾਲਾ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਕਰਦਾ ਸੀ। ਇਸ ਬਾਰੇ ਪ੍ਰੈਸ ਕਾਨਫਰੰਸ 'ਚ ਜਾਣਕਾਰੀ ਦਿੰਦੇ ਹੋਏ ਐਸਐਸਪੀ ਸੰਦੀਪ ਗੋਇਲ ਨੇ ਦੱਸਿਆ ਕਿ ਬੀਤੇ ਕੁਝ ਦਿਨਾਂ ਤੋਂ ਉਨ੍ਹਾਂ ਨੂੰ ਲਗਾਤਾਰ ਲੁੱਟ-ਖੋਹ ਦੀਆਂ ਵਾਰਦਾਤਾਂ ਦੀ ਸ਼ਿਕਾਇਤ ਮਿਲੀ ਸੀ। ਇਸ ਸੰਬਧੀ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਹ ਵਾਰਦਾਤਾਂ ਬਠਿੰਡਾ ਦੇ ਇੱਕ ਗਿਰੋਹ ਵੱਲੋਂ ਕੀਤੀਆਂ ਜਾ ਰਹੀਆਂ ਹਨ। ਗੁਪਤ ਸੂਚਨਾ ਦੇ ਆਧਾਰ 'ਤੇ ਪੁਲਿਸ ਪਾਰਟੀ ਨੇ ਐਸਐਸਪੀ ਸੰਦੀਪ ਗੋਇਲ ਦੀ ਅਗਵਾਈ ਵਿੱਚ ਨਾਕੇਬੰਦੀ ਦੌਰਾਨ ਗਰਚਾ ਰੋਡ ਤੋਂ ਗਿਰੋਹ ਦੇ 6 ਮੈਂਬਰਾਂ ਨੂੰ ਕਾਬੂ ਕੀਤਾ। ਪੁਲਿਸ ਨੇ ਗਿਰੋਹ ਕੋਲੋਂ ਮੌਕੇ ਉੱਤੇ 18 ਮੋਬਾਈਲ, 8 ਮੋਟਰਸਾਈਕਲ, 1ਐਕਟਿਵਾ ਸਮੇਤ ਇੱਕ 12 ਬੋਰ ਦੀ ਦੇਸੀ ਪਿਸਤੌਲ, 2 ਜ਼ਿੰਦਾ ਕਾਰਤੂਸ, ਕਿਰਪਾਨਾਂ, 2 ਲੋਹੇ ਦੀਆਂ ਪਾਈਪਾਂ, 1 ਲੱਕੜ ਦਾ ਡੰਡਾ ਬਰਾਮਦ ਕੀਤੇ ਹਨ। ਪੁਲਿਸ ਨੇ ਗ੍ਰਿਫ਼ਤਾਰ ਮੁਲਜ਼ਮਾਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਉਕਤ ਮੁਲਜ਼ਮਾਂ ਉੱਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਵਿਰੁੱਧ ਜਲਦ ਹੀ ਪੁਲਿਸ ਰਿਮਾਂਡ ਹਾਸਲ ਕਰਕੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ।