ਸ਼ੋਅਰੂਮ ਮਾਲਿਕ ਨੇ ਚਾਹ ਵਾਲੇ ਨਾਲ ਕੀਤੀ ਕੁੱਟਮਾਰ
ਜਲੰਧਰ: ਸ਼ਹਿਰ ਦੇ ਲਾਜਪਤ ਨਗਰ ਇਲਾਕੇ 'ਚ ਇੱਕ ਸ਼ੋਅਰੂਮ ਦੇ ਮਾਲਿਕ ਅਤੇ ਉਸ ਦੇ ਨੌਕਰ ਵੱਲੋਂ ਇੱਕ ਚਾਹ ਵਾਲੇ ਨਾਲ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਬਾਰੇ ਦੱਸਦੇ ਹੋਏ ਪੀੜਤ ਵਿਕਰਮ ਨੇ ਦੱਸਿਆ ਕਿ ਉਹ ਚਾਹ ਦਾ ਸਟਾਲ ਲਗਾਉਂਦਾ ਹੈ। ਇੱਕ ਗਾਰਮੈਂਟ ਸ਼ੋਅਰੂਮ ਦੇ ਮਾਲਿਕ ਅਤੇ ਉਸ ਦੀ ਦੁਕਾਨ 'ਤੇ ਕੰਮ ਕਰਨ ਵਾਲੇ ਮੁੰਡਿਆਂ ਨਾਲ ਉਸ ਦੇ ਸਟਾਲ ਸਾਹਮਣੇ ਰੁੱਖ ਕੱਟਣ ਨੂੰ ਲੈ ਕੇ ਵਿਵਾਦ ਹੋਇਆ ਸੀ। ਉਸ ਨੇ ਉਨ੍ਹਾਂ ਨੂੰ ਚਾਹ ਦੇ ਸਟਾਲ ਨਾਲ ਲਗਦੇ ਰੁੱਖ ਕੱਟਣ ਲਈ ਮਨ੍ਹਾਂ ਕੀਤਾ ਸੀ ਕਿਉਂਕਿ ਰੁੱਖ ਦੀਆਂ ਟੱਹਣੀਆਂ ਕੱਟਨ ਨਾਲ ਉਸ ਦੇ ਸਟਾਲ ਦਾ ਨੁਕਸਾਨ ਹੋਇਆ। ਇਸ ਵਿਵਾਦ ਦੇ ਚਲਦੇ ਸ਼ੋਅਰੂਮ ਦੇ ਮਾਲਕ ਅਕਸ਼ੈ ਗੋਇਲ ਅਤੇ ਉਸ ਦੀ ਦੁਕਾਨ 'ਤੇ ਕੰਮ ਕਰਨ ਵਾਲਿਆਂ ਨੇ ਉਸ ਨਾਲ ਕੁੱਟਮਾਰ ਕੀਤੀ। ਵਿਕਰਮ ਨੇ ਕਿਹਾ ਕਿ ਉਨ੍ਹਾਂ ਦੇ ਸਿਰ ਕੰਨ ਅਤੇ ਬਾਂਹ 'ਤੇ ਸੱਟਾਂ ਲੱਗੀਆਂ ਹਨ ਪਰ ਪੁਲਿਸ ਨੇ ਅਜੇ ਤੱਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਹੈ। ਪੀੜਤ ਨੇ ਇਨਸਾਫ ਦੀ ਮੰਗ ਕਰਦਿਆਂ ਮੁਲਜ਼ਮਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮਾਮਲੇ ਬਾਰੇ ਥਾਣਾ ਚਾਰ ਦੇ ਐੱਸਐਚਓ ਕਮਲਜੀਤ ਨੇ ਦੱਸਿਆ ਕਿ ਦੋਹਾਂ ਧਿਰਾਂ 'ਚ ਝਗੜਾ ਹੋਇਆ ਸੀ। ਪੀੜਤ ਦੀ ਮੈਡੀਕਲ ਰਿਪੋਰਟ ਅਤੇ ਸ਼ਿਕਾਇਤ ਦੇ ਅਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਭਰੋਸਾ ਦਿੱਤਾ ਹੈ।