ਮੋਹਾਲੀ ਪੁਲਿਸ ਦੀ ਐੱਸਟੀਐਫ ਟੀਮ ਵੱਲੋਂ 2 ਨਸ਼ਾ ਤਸਕਰ ਕਾਬੂ - ਮੋਹਾਲੀ ਜ਼ਿਲ੍ਹਾ ਅਦਾਲਤ
ਮੋਹਾਲੀ : ਨਸ਼ਾ ਤਸਕਰੀ ਉੱਤੇ ਠੱਲ ਪਾਉਣ ਲਈ ਪੁਲਿਸ ਦੀ ਐੱਸਟੀਐਫ ਟੀਮ ਵੱਲੋਂ ਸਪੈਸ਼ਲ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਮੋਹਾਲੀ ਪੁਲਿਸ ਨੇ 2 ਵੱਖ-ਵੱਖ ਮਾਮਲਿਆਂ ਵਿੱਚ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਜਾਣਕਾਰੀ ਮੁਤਾਬਕ ਐੱਸਟੀਐਫ ਦੀ ਟੀਮ ਵੱਲੋਂ ਮਦਨਪੁਰਾ ਚੌਂਕ 'ਚ ਨਾਕੇਬੰਦੀ ਦੌਰਾਨ ਅਨਿਲ ਕੁਮਾਰ ਉਰਫ ਮੋਨੂੰ ਨਿਵਾਸੀ ਫਾਜ਼ਿਲਕਾ ਨੂੰ 50 ਗ੍ਰਾਮ ਹੈਰੋਈਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮ ਦਿੱਲੀ ਤੋਂ ਹੈਰੋਈਨ ਲਿਆ ਕੇ ਮੋਹਾਲੀ ਵਿਖੇ ਸਪਲਾਈ ਕਰਦਾ ਸੀ। ਦੂਜੇ ਮਾਮਲੇ 'ਚ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਗੌਰਵ ਕੁਮਾਰ ਨਾਂਅ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਸ਼ਾਮਲੀ ਦਾ ਵਸਨੀਕ ਹੈ। ਪੁਲਿਸ ਨੇ ਮੁਲਜ਼ਮ ਕੋਲੋਂ 100 ਨਸ਼ੀਲੇ ਟੀਕੇ ਬਰਾਮਦ ਕੀਤੇ। ਇਹ ਮੁਲਜ਼ਮ ਉੱਤਰ ਪ੍ਰਦੇਸ਼ ਤੋਂ ਨਸ਼ੀਲੇ ਟੀਕੇ ਲਿਆ ਕੇ ਮੋਹਾਲੀ 'ਚ ਸਪਲਾਈ ਕਰਦਾ ਸੀ। ਪੁਲਿਸ ਵੱਲੋਂ ਦੋਹਾਂ ਮੁਲਜ਼ਮਾਂ ਉੱਤੇ ਮਾਮਲਾ ਦਰਜ ਕਰਕੇ ਮੋਹਾਲੀ ਜ਼ਿਲ੍ਹਾ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਵੱਲੋਂ ਅਨਿਲ ਕੁਮਾਰ ਨੂੰ 2 ਦਿਨ ਅਤੇ ਗੌਰਵ ਕੁਮਾਰ ਨੂੰ 1 ਦਿਨ ਦੀ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।