ਪੁਲਿਸ ਮੁੱਠਭੇੜ 'ਚ ਇੱਕ ਗੈਂਗਸਟਰ ਦੀ ਮੌਤ, ਇੱਕ ਗ੍ਰਿਫ਼ਤਾਰ - ਹੁਸ਼ਿਆਰਪੁਰ ਕ੍ਰਾਇਮ ਨਿਊਜ਼ ਅਪਡੇਟ
ਗੜ੍ਹਸ਼ੰਕਰ ਦੇ ਕਸਬਾ ਮਾਹਿਲਪੁਰ ਨੇੜੇ ਉਸ ਸਮੇਂ ਮਾਹੌਲ ਤਣਾਅਪੂਰਨ ਬਣ ਗਿਆ, ਜਦੋਂ ਇਥੇ ਹੁਸ਼ਿਆਰਪੁਰ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁੱਠਭੇੜ ਹੋਈ। ਇਸ ਮੁੱਠਭੇੜ ਦੇ ਦੌਰਾਨ ਇੱਕ ਗੈਂਗਸਟਰ ਮਾਰਿਆ ਗਿਆ ਤੇ ਦੂਜੇ ਗੈਂਗਸਟਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੂੰ ਮਾਹਿਲਪੁਰ ਦੇ ਪਿੰਡ ਚਾਰਨਪੁਰ ਨੇੜੇ ਗੈਂਗਸਟਰਾਂ ਦੇ ਲੁੱਕੇ ਹੋਣੇ ਦੀ ਗੁਪਤ ਸੂਚਨਾ ਮਿਲੀ ਸੀ। ਇਸ ਗੁਪਤ ਸੂਚਨਾ ਦੇ ਆਧਾਰ 'ਤੇ ਨਵਾਂ ਸ਼ਹਿਰ ਤੇ ਹੁਸ਼ਿਆਰਪੁਰ ਦੀ ਪੁਲਿਸ ਨੇ ਦੇਰ ਰਾਤ ਸਾਂਝੇ ਅਭਿਆਨ ਤਹਿਤ ਕਾਰਵਾਈ ਕੀਤੀ। ਇਸ ਦੌਰਾਨ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁੱਠਭੇੜ ਦੇ ਦੌਰਾਨ ਇੱਕ ਮਾਰਿਆ ਗਿਆ ਤੇ ਦੂਜੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜਦਕਿ ਤੀਜਾ ਗੈਂਗਸਟਰ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ। ਇਸ ਮੁੱਠਭੇੜ 'ਚ ਮਾਰੇ ਗਏ ਗੈਂਗਸਟਰ ਦੀ ਪਛਾਣ ਵਰਿੰਦਰ ਵਜੋਂ ਹੋਈ ਹੈ ਤੇ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰ ਦੀ ਪਛਾਣ ਗੁਰਜੰਟ ਸਿੰਘ ਵਜੋਂ ਹੋਈ ਹੈ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰ ਤੋਂ ਪੁੱਛਗਿੱਛ ਜਾਰੀ ਹੈ। ਪੁਲਿਸ ਨੇ ਇਸ ਮਾਮਲੇ ‘ਚ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ ਪ੍ਰਗਟਾਈ ਹੈ।