ਗੈਰ-ਕਾਨੂੰਨੀ ਤਰੀਕੇ ਨਾਲ ਲਿੰਗ ਨਿਰਧਾਰਤ ਟੈਸਟ ਕਰਨ ਦੇ ਮਾਮਲੇ 'ਚ ਨਰਸਿੰਗ ਹੋਮ ਕੀਤਾ ਗਿਆ ਸੀਲ
ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਕਸਬਾ ਬੱਸੀ ਪਠਾਣਾ ਵਿੱਚ ਇੱਕ ਨਰਸਿੰਗ ਹੋਮ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਨਰਸਿੰਗ ਹੋਮ 'ਚ ਲਿੰਗ ਨਿਰਧਾਰਤ ਟੈਸਟ ਕੀਤੇ ਜਾਂਦੇ ਸਨ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਅੰਬਾਲਾ ਦੀ ਡਿਪਟੀ ਸਿਵਲ ਸਰਜਨ ਬਲਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬੱਸੀ ਪਠਾਣਾ ਦੇ ਇੱਕ ਨਿੱਜੀ ਨਰਸਿੰਗ ਹੋਮ ਵਿੱਚ ਲਿੰਗ ਨਿਰਧਾਤ ਟੈਸਟ ਕੀਤੇ ਜਾਂਦੇ ਹਨ। ਇਸ ਤੋਂ ਬਾਅਦ ਸਿਹਤ ਵਿਭਾਗ ਹਰਿਆਣਾ ਤੇ ਫਤਿਹਗੜ੍ਹ ਸਾਹਿਬ ਵੱਲੋਂ ਸਾਂਝੇ ਤੌਰ 'ਤੇ ਇੱਕ ਔਰਤ ਨੂੰ ਗਾਹਕ ਬਣਾ ਕੇ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹ ਨਰਸਿੰਗ ਸੈਂਟਰ ਰਜਿਸਟਰ ਤਾਂ ਹੈ ਪਰ ਇਥੇ ਗ਼ੈਰ-ਕਾਨੂੰਨੀ ਤਰੀਕੇ ਨਾਲ ਕੰਮ ਕੀਤਾ ਜਾਂਦਾ ਹੈ। ਛਾਪੇਮਾਰੀ ਦੇ ਦੌਰਾਨ ਸਿਹਤ ਵਿਭਾਗ ਦੇ ਰੇਡ ਟੀਮ ਵੱਲੋਂ ਦਿੱਤੇ ਗਈ ਰਕਮ 'ਚੋਂ 9500 ਰੁਪਏ ਬਰਾਮਦ ਕੀਤੇ ਗਏ ਤੇ ਲਿੰਗ ਜਾਂਚ ਕਰਨ ਵਾਲੀ ਮਹਿਲਾ ਡਾਕਟਰ ਤੇ ਉਸ ਦੀ ਇੱਕ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਇਸ ਸੈਂਟਰ ਵਿੱਚ ਸਥਿਤ ਅਲਟ੍ਰਾਸਾਊਂਡ ਮਸ਼ੀਨ ਨੂੰ ਸੀਲ ਕਰ ਦਿੱਤਾ ਗਿਆ ਹੈ। ਸਿਹਤ ਵਿਭਾਗ ਤੇ ਪੁਲਿਸ ਵੱਲੋਂ ਸਾਂਝੇ ਤੌਰ 'ਤੇ ਇਸ ਮਾਮਲੇ ਦੀ ਜਾਂਚ ਜਾਰੀ ਹੈ।