ਹੁਸ਼ਿਆਰਪੁਰ 'ਚ ਦੇਰ ਰਾਤ ਘਰ 'ਚੋਂ ਗਹਿਣੇ ਤੇ ਨਕਦੀ ਹੋਈ ਚੋਰੀ - ਗਹਿਣੇ ਅਤੇ ਨਕਦੀ ਹੋਈ ਚੋਰੀ
ਹੁਸ਼ਿਆਰਪੁਰ : ਸ਼ਹਿਰ ਦੇ ਧੋਬੀ ਘਾਟ ਮੱਲਾ ਵਿਖੇ ਦੇਰ ਰਾਤ ਚੋਰਾਂ ਵੱਲੋਂ ਇੱਕ ਘਰ 'ਚ ਚੋਰੀ ਦੀ ਵਾਰਦਾਤ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਬਾਰੇ ਦੱਸਦੇ ਹੋਏ ਪੀੜਤ ਪਰਿਵਾਰ ਦੀ ਮਹਿਲਾ ਨੇ ਦੱਸਿਆ ਕਿ ਉਹ ਰਾਤ ਦੇ ਸਮੇਂ ਸੌਂ ਰਹੇ ਸੀ ਤੇ ਦੇਰ ਰਾਤ ਚੋਰ ਉਨ੍ਹਾਂ ਦੇ ਘਰ 'ਚ ਦਾਖਲ ਹੋਏ ਤੇ ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਨੂੰ ਕਮਰਿਆਂ ਵਿੱਚ ਬੰਦ ਕਰ ਦਿੱਤਾ। ਇਸ ਤੋਂ ਬਾਅਦ ਚੋਰ ਲੌਕਰ ਤੋੜ ਕੇ ਗਹਿਣੇ ਤੇ ਨਕਦੀ ਲੈ ਕੇ ਫਰਾਰ ਹੋ ਗਏ। ਪਰਿਵਾਰਕ ਮੈਂਬਰਾਂ ਨੂੰ ਚੋਰੀ ਬਾਰੇ ਉਦੋਂ ਪਤਾ ਲਗਾ ਜਦ ਉਹ ਸਵੇਰੇ ਸੌਂ ਕੇ ਉੱਠੇ ਤੇ ਉਨ੍ਹਾਂ ਦੇ ਕਮਰੇ ਬਾਹਰੋਂ ਬੰਦ ਸਨ, ਉਨ੍ਹਾਂ ਨੇ ਗੁਆਢੀਆਂ ਦੀ ਮਦਦ ਨਾਲ ਕਮਰੇ ਖੁਲ੍ਹਵਾਏ ਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਚੋਰੀ ਹੋਣ ਬਾਰੇ ਪਤਾ ਲੱਗਾ। ਮਹਿਲਾ ਨੇ ਦੱਸਿਆ ਕਿ ਘਰ 'ਚੋਂ ਗਹਿਣੇ ਅਤੇ ਨਕਦੀ ਚੋਰੀ ਹੋਈ ਹੈ, ਚੋਰ ਤਕਰੀਬਨ 18 ਤੋਲੇ ਸੋਨਾ ਤੇ 36 ਹਜ਼ਾਰ ਰੁਪਏ ਲੁੱਟ ਕੇ ਲੈ ਗਏ ਹਨ। ਪੀੜਤ ਪਰਿਵਾਰ ਨੇ ਦੱਸਿਆ ਕਿ ਚੋਰੀ ਕਰਨ ਆਏ ਮੁਲਜ਼ਮਾਂ ਦਾ ਚਿਹਰਾ ਨੇੜਲੇ ਇੱਕ ਘਰ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਿਆ ਹੈ। ਪੀੜਤ ਪਰਿਵਾਰ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।