ਜਲੰਧਰ ਪੁਲਿਸ ਨੇ ਚਾਰ ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ - 120 ਕਿੱਲੋ ਪੌਪੀ ਹਸਕ ਤੇ 2 ਕਿੱਲੋ ਅਫੀਮ ਬਰਾਮਦ
ਜਲੰਧਰ: ਕਮਿਸ਼ਨਰੇਟ ਪੁਲਿਸ ਨੇ ਨਸ਼ਾ ਤਸਕਰੀ ਦੇ ਦੋ ਵੱਖ-ਵੱਖ ਮਾਮਲਿਆਂ 'ਚ ਚਾਰ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੀਆਈਏ ਸਟਾਫ ਨੇ ਨਸ਼ਾ ਤਸਕਰੀ ਦੇ ਮਾਮਲੇ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਜਲੰਧਰ ਪੁਲਿਸ ਦੇ ਸੀਆਈਏ ਸਟਾਫ ਵੱਲੋਂ ਚਾਰ ਨਸ਼ਾ ਤਸਕਰਾਂ ਨੂੰ 1 ਕੁਇੰਟਲ 20 ਕਿੱਲੋ ਪੌਪੀ ਹਸਕ ਤੇ 2 ਕਿੱਲੋ ਹੈਰੋਇਨ ਸਣੇ ਚਾਰ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਜੰਡਿਆਲਾ ਇਲਾਕੇ ਦੇ ਸਮਰਾਏ ਪਿੰਡ ਵਿਖੇ ਨਾਕਾਬੰਦੀ ਕੀਤੀ ਗਈ ਸੀ। ਇੱਥੇ ਪੁਲਿਸ ਟੀਮ ਨੇ ਪਿਆਜ਼ਾਂ ਨਾਲ ਭਰੇ ਹੋਏ ਟਰੱਕ ਨੂੰ ਚੈਕਿੰਗ ਲਈ ਰੋਕਿਆ। ਪੁਲਿਸ ਨੇ ਟਰੱਕ ਡਰਾਈਵਰ ਬਾਬਾ ਬਕਾਲਾ ਦੇ ਵਸਨੀਕ ਅਮਰਜੀਤ ਸਿੰਘ ਤੇ ਉਸ ਦੇ ਸਾਥੀ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਇਲਾਵਾ ਇੱਕ ਹੋਰ ਮਾਮਲੇ 'ਚ ਪੁਲਿਸ ਨੇ ਇੰਡੀਅਨ ਆਈਲ ਡਿੱਪੂ ਨੇੜੇ ਲਾਏ ਗਏ ਇੱਕ ਨਾਕੇ ਉੱਤੇ ਇੱਕ ਟਰੱਕ ਡਰਾਈਵਰ ਤੇ ਉਸ ਦੇ ਸਾਥੀ ਕੋਲੋਂ 1 ਕਿੱਲੋ ਅਫੀਮ ਬਰਾਮਦ ਕੀਤੀ। ਪੁਲਿਸ ਵੱਲੋਂ ਦੋਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਚਾਰੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।