ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਚਲੀਆਂ ਗੋਲੀਆਂ, ਇੱਕ ਜ਼ਖ਼ਮੀ - ਫਿਰੋਜ਼ਪੁਰ ਨਿਊਜ਼ ਅਪਡੇਟ
ਫਿਰੋਜ਼ਪੁਰ 'ਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਦੋ ਧਿਰਾਂ ਵਿੱਚ ਆਪਸੀ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਝਗੜੇ ਦੌਰਾਨ ਇੱਕ ਧਿਰ ਨੇ ਦੂਜੇ ਧਿਰ ਦੇ ਲੋਕਾਂ ਉੱਤੇ ਗੋਲੀਆਂ ਚਲਾਈਆਂ ਜਿਸ ਕਾਰਨ ਇੱਕ ਵਿਅਕਤੀ ਫੱਟੜ ਹੋ ਗਿਆ। ਫੱਟੜ ਵਿਅਕਤੀ ਦੀ ਪਛਾਣ ਗੁਰਪਿਆਰ ਸਿੰਘ ਵਜੋਂ ਹੋਈ ਹੈ। ਗੁਰਪਿਆਰ ਸਿੰਘ ਨੇ ਦੱਸਿਆ ਕਿ ਉਹ ਲੱਕੜ ਮਿਸਤਰੀ ਦਾ ਕੰਮ ਕਰਦਾ ਹੈ ਤੇ ਉਸ ਉੱਤੇ ਹਮਲਾ ਕਰਨ ਵਾਲਾ ਸ਼ੀਸ਼ੇ ਦਾ ਕੰਮ ਕਰਦਾ ਹੈ। ਪੀੜਤ ਨੇ ਦੱਸਿਆ ਕਿ ਕੁੱਝ ਸਮੇਂ ਪਹਿਲਾਂ ਉਸ ਨੇ ਕਿਸੇ ਵਿਅਕਤੀ ਦਾ ਸ਼ੀਸੇ ਦਾ ਕੰਮ ਕਰਵਾਇਆ ਸੀ ਤੇ ਗਾਹਕ ਦੀ ਕੁੱਝ ਰਕਮ ਬਕਾਇਆ ਸੀ। ਰਕਮ ਨਾ ਮਿਲਣ 'ਤੇ ਸ਼ੀਸ਼ਾ ਵਪਾਰੀ ਉਸ ਨਾਲ ਰੰਜਿਸ਼ ਰੱਖਣ ਲੱਗ ਪਿਆ। ਇਸ ਤੋਂ ਬਾਅਦ ਬੀਤੀ ਰਾਤ ਜਦੋਂ ਲੱਕੜ ਮਿਸਤਰੀ ਘਰ ਵਾਪਸ ਪਰਤ ਰਿਹਾ ਸੀ ਤਾਂ ਉਕਤ ਵਪਾਰੀ ਨੇ ਕੁੱਝ ਲੋਕਾਂ ਨਾਲ ਮਿਲ ਕੇ ਉਸ ਉੱਤੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਪਹਿਲਾਂ ਉਸ ਨਾਲ ਕੁੱਟਮਾਰ ਕੀਤੀ 'ਤੇ ਫਿਰ ਉਸ ਉੱਤੇ ਗੋਲੀਆਂ ਚਲਾਈਆਂ ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਪੁਲਿਸ ਅਧਿਕਾਰੀ ਮਨੋਜ ਕੁਮਾਰ ਨੇ ਦੱਸਿਆ ਉਨ੍ਹਾਂ ਨੂੰ ਚੁਈ ਚੌਕ ਵਿੱਚ ਗੋਲੀਆਂ ਚਲਾਏ ਜਾਣ ਦੀ ਸੂਚਨਾ ਮਿਲੀ ਸੀ ਤੇ ਜਿਸ 'ਚ ਇੱਕ ਵਿਅਕਤੀ ਫੱਟੜ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਪੁਲਿਸ ਨੇ ਪੀੜਤ ਦੀ ਸ਼ਿਕਾਇਤ ਦੇ ਆਧਾਰ 'ਤੇ ਮੁਲਜ਼ਮਾਂ ਵਿਰੁੱਧ ਧਾਰਾ 370 ਤਹਿਤ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਭਰੋਸਾ ਦਿੱਤਾ ਹੈ।