ਬਠਿੰਡਾ 'ਚ ਟ੍ਰੈਫ਼ਿਕ ਪੁਲਿਸ ਮੁਲਾਜ਼ਮ ਤੇ ਨੌਜਵਾਨ ਵਿਚਾਲੇ ਹੋਈ ਝੜਪ, 1 ਜ਼ਖ਼ਮੀ
ਬਠਿੰਡਾ ਵਿੱਚ ਇੱਕ ਟ੍ਰੈਫ਼ਿਕ ਪੁਲਿਸ ਮੁਲਾਜ਼ਮ ਤੇ ਇੱਕ ਨੌਜਵਾਨ ਵਿਚਾਲੇ ਝੜਖ ਹੋਣ ਦੀ ਖ਼ਬਰ ਹੈ। ਦੋਹਾਂ ਧਿਰਾਂ ਵੱਲੋਂ ਇੱਕ ਦੂਜੇ ਉੱਤੇ ਬਦਸਲੂਕੀ ਕੀਤੇ ਜਾਣ ਦੇ ਦੋਸ਼ ਲਗਾਏ ਜਾ ਰਹੇ ਹਨ। ਇਸ ਦੌਰਾਨ ਦੋਹਾਂ ਧਿਰਾਂ ਵਿਚਾਲੇ ਕੁੱਟਮਾਰ ਵੀ ਹੋਈ। ਨੌਜਵਾਨ ਕਰਨਵੀਰ ਨੇ ਦੱਸਿਆ ਕਿ ਉਹ ਤੇ ਉਸ ਦੀ ਮਾਂ ਦੋਵੇ ਟ੍ਰੈਫ਼ਿਕ ਲਾਈਟ ਪਾਰ ਕਰ ਰਹੇ ਸਨ ਤਾਂ ਇੱਕ ਪੁਲਿਸ ਮੁਲਾਜ਼ਮ ਨੇ ਉਨ੍ਹਾਂ 'ਚ ਆਪਣੀ ਗੱਡੀ ਮਾਰ ਦਿੱਤੀ। ਉਸ ਨੇ ਕਿਹਾ ਕਿ ਜਦੋਂ ਉਸ ਨੇ ਗੱਡੀ ਮਾਰਨ ਨੂੰ ਲੈ ਕੇ ਟ੍ਰੈਫ਼ਿਕ ਪੁਲਿਸ ਕਰਮਚਾਰੀ ਨੂੰ ਮਨ੍ਹਾ ਕੀਤਾ ਤਾਂ ਉਕਤ ਮੁਲਾਜ਼ਮ ਸਣੇ ਹੋਰ ਮੁਲਾਜ਼ਮ ਉਸ ਨਾਲ ਕੁੱਟਮਾਰ ਕਰਨ ਲੱਗ ਪਏ ਅਤੇ ਉਨ੍ਹਾਂ ਨੇ ਉਸ ਦੀ ਮਾਤਾ ਬਦਸਲੂਕੀ ਵੀ ਕੀਤੀ। ਉੱਥੇ ਹੀ ਦੂਜੇ ਪਾਸੇ ਲੜਾਈ 'ਚ ਜ਼ਖ਼ਮੀ ਹੋਏ ਪੁਲਿਸ ਮੁਲਾਜ਼ਮ ਦਲਜੀਤ ਸਿੰਘ ਨੇ ਕਿਹਾ ਕਿ ਉਹ ਆਪਣੀ ਡਿਊਟੀ ਕਰ ਰਿਹਾ ਸੀ ਕਿ ਕੁੱਝ ਮੁੰਡਿਆਂ ਨੇ ਆ ਕੇ ਉਸ ਨਾਲ ਕੁੱਟਮਾਰ ਕੀਤੀ ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਉਹ ਨਹੀਂ ਜਾਣਦਾ ਕਿ ਉਨ੍ਹਾਂ ਨੌਜਵਾਨਾਂ ਨੇ ਉਸ ਨਾਲ ਕੁੱਟਮਾਰ ਕਿਉਂ ਕੀਤੀ। ਬਠਿੰਡਾ ਦੇ ਐਸਐਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਪੁਲਿਸ ਮਾਮਲੇ ਜਾਂਚ ਕਰ ਰਹੀ ਹੈ, ਤੇ ਜਾਂਚ ਵਿੱਚ ਦੋਸ਼ੀ ਪਾਏ ਜਾਣ ਵਾਲੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।