ਆਰੇ ਦੇ ਬਲੇਡ ਨਾਲ ਗਰਦਨ ਕੱਟਣ ਕਾਰਨ ਹੋਈ ਵਿਅਕਤੀ ਦੀ ਮੌਤ - ਫਗਵਾੜਾ ਨਿਊਜ਼ ਅਪਡੇਟ
ਫਗਵਾੜਾ: ਸ਼ਹਿਰ 'ਚ ਲੱਕੜ ਦੇ ਆਰੇ 'ਤੇ ਕੰਮ ਕਰਨ ਵਾਲੇ ਇੱਕ ਵਿਅਕਤੀ ਦੀ ਦਰਦਨਾਕ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਵਿਅਕਤੀ ਦੀ ਪਛਾਣ 65 ਸਾਲਾ ਅਜੀਤ ਸਿੰਘ, ਮੁੱਹਲਾ ਨਰੰਗਸ਼ਾਹਪੁਰ ਵਜੋਂ ਹੋਈ ਹੈ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਫਗਵਾੜਾ ਦੇ ਡੀਐੱਸਪੀ ਸੁਰਿੰਦਰ ਚੰਦ ਪੁਲਿਸ ਟੀਮ ਨਾਲ ਮੌਕੇ 'ਤੇ ਪੁਜੇ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਫਗਵਾੜਾ ਦੇ ਸਿਵਲ ਹਸਪਤਾਲ 'ਚ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਸੁਰਿੰਦਰ ਚੰਦ ਨੇ ਦੱਸਿਆ ਕਿ ਮ੍ਰਿਤਕ ਦੇ ਪੁੱਤਰ ਨੇ ਪੁਲਿਸ ਨੂੰ ਬਿਆਨ ਦਿੱਤਾ ਕਿ ਉਸ ਦੇ ਪਿਤਾ ਅਜੀਤ ਸਿੰਘ ਪਿਛਲੇ ਕਈ ਸਾਲਾਂ ਤੋਂ ਗੁਰਮੁਖ ਸਿੰਘ ਦੇ ਲੱਕੜ ਆਰੇ 'ਤੇ ਕੰਮ ਕਰਦੇ ਸਨ। ਅਚਾਨਕ ਆਰੇ ਦੀ ਬਲੇਡ 'ਚ ਗਰਦਨ ਆਉਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੇ ਪੁੱਤਰ ਦੇ ਬਿਆਨਾਂ ਮੁਤਾਬਕ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।