ਕਰਫ਼ਿਊ ਦੌਰਾਨ ਗੁਰਦਾਸਪੁਰ 'ਚ 30 ਸਾਲਾ ਨੌਜਵਾਨ ਦਾ ਕਤਲ, ਪੁਲਿਸ ਵੱਲੋਂ ਜਾਂਚ ਜਾਰੀ
ਗੁਰਦਾਸਪੁਰ: ਪੰਜਾਬ 'ਚ ਕਰਫਿਊ ਲਗੇ ਹੋਣ ਦੇ ਬਾਵਜੂਦ ਵੀ ਅਪਰਾਧਕ ਘਟਨਾਵਾਂ ਹੋ ਰਹੀਆਂ ਹਨ। ਕਸਬਾ ਫ਼ਤਹਿਗੜ੍ਹ ਚੂੜੀਆਂ ਦੇ ਅਧੀਨ ਆਉਂਦੇ ਪਿੰਡ ਜਾਗਲਾਂ 'ਚ ਇੱਕ 30 ਸਾਲਾ ਨੌਜਵਾਨ ਦਾ ਕਤਲ ਹੋਣ ਦੀ ਖ਼ਬਰ ਹੈ। ਮ੍ਰਿਤਕ ਦੀ ਪਛਾਣ ਤਰੁਣ ਕੁਮਾਰ ਵਜੋਂ ਹੋਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਬਿਆਨ ਦਿੰਦਿਆਂ ਦੱਸਿਆ ਕਿ ਬੀਤੇ ਦਿਨ ਤਰੁਣ ਘਰ ਤੋਂ ਦਵਾਈ ਲੈਣ ਲਈ ਬਾਹਰ ਗਿਆ ਸੀ। ਕਾਫ਼ੀ ਸਮਾਂ ਬੀਤ ਜਾਣ ਮਗਰੋਂ ਜਦ ਉਹ ਘਰ ਨਹੀਂ ਪਰਤਿਆ ਤਾਂ ਪਰਿਵਾਰ ਵੱਲੋਂ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਪਰਿਵਾਰ ਦਾ ਇੱਕ ਹੋਰ ਲੜਕਾ ਜਦ ਉਸ ਦੀ ਭਾਲ ਲਈ ਗਿਆ ਤਾਂ ਤਰੁਣ ਦੀ ਲਾਸ਼ ਪਿੰਡ ਦੇ ਨੇੜੇ ਹੀ ਨਹਿਰ ਕੰਢੇ ਮਿਲੀ। ਉਸ ਦੇ ਸਰੀਰ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਕਈ ਵਾਰ ਕੀਤੇ ਹੋਏ ਸਨ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਤਲ ਹੋਣ ਦਾ ਖ਼ਦਸ਼ਾ ਪ੍ਰਗਟਾਉਂਦੇ ਹੋਏ ਜਲਦ ਤੋਂ ਜਲਦ ਅਣਪਛਾਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਮੰਗ ਕੀਤੀ ਹੈ। ਇਸ ਮਾਮਲੇ ਬਾਰੇ ਦੱਸਦੇ ਹੋਏ ਸਬ-ਇੰਸਪੈਕਟਰ ਅਮੋਲਕਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਜਾਗਲਾਂ 'ਚ ਇੱਕ ਨੌਜਵਾਨ ਦਾ ਕਤਲ ਹੋਣ ਦੀ ਸੂਚਨਾ ਮਿਲੀ ਸੀ। ਪੁਲਿਸ ਵੱਲੋਂ ਉੱਥੇ ਪੁਜ ਕੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਮੁਤਾਬਕ ਅਣਪਛਾਤੇ ਮੁਲਜ਼ਮਾਂ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਅਣਪਛਾਤੇ ਮੁਲਜ਼ਮਾਂ ਦੀ ਭਾਲ ਜਾਰੀ ਹੈ।