ਕਾਂਗਰਸ ਦੀ ਹਾਰ ’ਤੇ ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਦਾ ਹੈਰਾਨ ਕਰ ਦੇਣ ਵਾਲਾ ਬਿਆਨ - ਅਮਲੋਹ ਵਿਖੇ ਸਾਬਕਾ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ
ਸ੍ਰੀ ਫਤਿਹਗੜ੍ਹ ਸਾਹਿਬ: ਅਮਲੋਹ ਵਿਖੇ ਸਾਬਕਾ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਦੇ ਵੱਲੋਂ ਵਰਕਰਾਂ ਦੇ ਨਾਲ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ਵਰਕਰ ਅਤੇ ਆਗੂ ਮੌਜੂਦ ਰਹੇ। ਇਸ ਮੌਕੇ ਗੱਲਬਾਤ ਕਰਦੇ ਹੋਏ ਸਾਬਕਾ ਕੈਬਨਿਟ ਮੰਤਰੀ ਰਣਦੀਪ ਸਿੰਘ ਨੇ ਕਿਹਾ ਕਿ ਪੰਜਾਬ ਦੇ ਵਿੱਚ ਬਦਲਾਅ ਦੀ ਇੱਕ ਲਹਿਰ ਚੱਲੀ ਜਿਸ ਦੇ ਕਾਰਨ ਆਮ ਆਦਮੀ ਪਾਰਟੀ ਨੂੰ ਸੰਪੂਰਨ ਬਹੁਮਤ ਮਿਲਿਆ ਅਤੇ ਆਪ ਦੀ ਪੰਜਾਬ ਵਿੱਚ ਸਰਕਾਰ ਬਣੀ। ਉੱਥੇ ਹੀ ਉਨ੍ਹਾਂ ਨੇ ਹਾਰ ਦੇ ਲਈ ਕਾਂਗਰਸ ਦੇ ਵੱਡੇ ਲੀਡਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਕਿਹਾ ਕਿ ਸਾਰੇ ਹੀ ਲੀਡਰਾਂ ਦੇ ਵੱਖਰੇ ਵੱਖਰੇ ਸੁਰ ਸਨ ਜਿਸਦਾ ਉਨ੍ਹਾਂ ਨੂੰ ਖਮਿਆਜ਼ਾ ਭੁਗਤਣਾ ਪਿਆ ਹੈ। ਉਨ੍ਹਾਂ ਕਿਹਾ ਕਿ ਮੈਂ ਸਮਝਦਾ ਹਾਂ ਇਹ ਆਪ ਪਾਰਟੀ ਨਹੀਂ ਜਿੱਤੀ ਸਗੋਂ ਕਾਂਗਰਸ ਨੇ ਹੀ ਕਾਂਗਰਸ ਨੂੰ ਹਰਾਇਆ ਹੈ। ਰਣਦੀਪ ਸਿੰਘ ਨੇ ਕਿਹਾ ਕਿ ਲੋਕਾਂ ਵਲੋਂ ਦਿੱਤਾ ਫਤਵਾ ਉਨ੍ਹਾਂ ਨੂੰ ਮਨਜ਼ੁਰ ਹੈ। ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਮੈਂਬਰਾਂ ਦੇ ਕੀਤੇ ਐਲਾਨ ’ਤੇ ਬੋਲਦੇ ਹੋਏ ਕਾਕਾ ਰਣਦੀਪ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬਹੁਮੱਤ ਦੇ ਨਾਲ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ। ਜੇਕਰ ਦਿੱਲੀ ਤੋਂ ਰਾਜ ਸਭਾ ਮੈਂਬਰ ਲਗਾਏ ਜਾਣਗੇ ਤਾਂ ਇਹ ਬਹੁਤ ਅਫਸੋਸ ਦੀ ਗੱਲ ਹੈ। ਜਿਸ ਬਾਰੇ ਆਪ ਪਾਰਟੀ ਨੂੰ ਵਿਚਾਰ ਕਰਨਾ ਚਾਹੀਦਾ ਹੈ।
Last Updated : Feb 3, 2023, 8:20 PM IST