ਗੁਰੂਘਰ ਦਾ ਸੇਵਾਦਾਰ ਹੀ ਨਿਕਲਿਆ ਚੋਰ, ਘਟਨਾ ਸੀਸੀਟੀਵੀ ’ਚ ਕੈਦ - ਪਿੰਡ ਡੋਡਾਵਾਲੀ
ਸ੍ਰੀ ਮੁਕਤਸਰ ਸਾਹਿਬ: ਜ਼ਿਲ੍ਹੇ ਦੇ ਪਿੰਡ ਡੋਡਾਵਾਲੀ ਦੇ ਗ੍ਰੰਥੀ ਨੇ ਗੁਰਦੁਆਰਾ ਸਾਹਿਬ ਦੀ ਗੋਲਕ ’ਚੋਂ ਚੋਰੀ ਕੀਤੀ। ਇਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਪੁਲਿਸ ਨੇ ਗ੍ਰੰਥੀ ਅਤੇ ਉਸਦੇ ਬੇਟੇ ’ਤੇ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਥਾਣਾ ਬਰੀਵਾਲਾ ਦੀ ਪੁਲਿਸ ਨੇ ਪਿੰਡ ਡੋਡਾਵਾਲੀ ਵਾਸੀ ਇੱਕ ਵਿਅਕਤੀ ਦੇ ਬਿਆਨਾਂ ‘ਤੇ ਗੁਰਦੁਆਰਾ ਰਾਮਸਰ ਸਾਹਿਬ ਦੇ ਗ੍ਰੰਥੀ ਅਤੇ ਉਸਦੇ ਬੇਟੇ ਤੇ ਮਾਮਲਾ ਦਰਜ ਕੀਤਾ ਹੈ। ਬਿਆਨ ਕਰਤਾ ਅਨੁਸਾਰ ਪਿੰਡ ਚੱਕ ਗਾਂਧਾ ਸਿੰਘ ਵਾਲਾ ਦਾ ਗੁਰਮੀਤ ਸਿੰਘ ਉਹਨਾਂ ਦੇ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਗ੍ਰੰਥੀ ਹੈ। 14-15 ਸਤੰਬਰ ਦੀ ਦਰਮਿਆਨੀ ਰਾਤ ਗੁਰਮੀਤ ਸਿੰਘ ਅਤੇ ਉਸਦਾ ਬੇਟਾ ਹਰਜੀਤ ਸਿੰਘ ਗੁਰਦੁਆਰਾ ਸਾਹਿਬ 'ਚ ਆਏ, ਅਤੇ ਗੁਰਦੁਆਰਾ ਸਾਹਿਬ ਦੀ ਗੋਲਕ ‘ਚੋਂ ਕਰੀਬ 17 ਹਜਾਰ ਰੁਪਏ ਚੋਰੀ ਕਰ ਲਏ। ਇਹ ਘਟਨਾ ਸੀਸੀਟੀਵੀ ਕੈਮਰੇ 'ਚ ਵੀ ਕੈਦ ਹੋ ਗਈ। ਬਰੀਵਾਲਾ ਪੁਲਿਸ ਨੇ ਗੁਰਮੀਤ ਸਿੰਘ ਅਤੇ ਉਸਦੇ ਬੇਟੇ ਹਰਜੀਤ ਸਿੰਘ ਤੇ ਆਈਪੀਸੀ ਦੀ ਧਾਰਾ 457 ਅਤੇ 380 ਤਹਿਤ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।