ਥਾਣਾ ਪੱਟੀ ਦੀ ਪੁਲਿਸ ਨੇ ਹੈਰੋਇਨ ਸਮੇਤ ਇੱਕ ਵਿਅਕਤੀ ਕੀਤਾ ਕਾਬੂ - ਨਸ਼ਿਆਂ ਖ਼ਿਲਾਫ਼ ਵਿੱਢੀ ਗਈ ਮੁਹਿੰਮ
ਤਰਨ ਤਾਰਨ: ਥਾਣਾ ਪੱਟੀ ਦੀ ਪੁਲਿਸ ਨੇ ਹੈਰੋਇਨ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ। ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਣਯੋਗ ਐਸਐਸਪੀ ਧਰੁਮਨ ਐਚ ਨਿਬਾਲੇ ਦੀਆਂ ਹਦਾਇਤਾਂ ਅਨੁਸਾਰ ਮਾੜੇ ਅਨਸਰਾਂ ਅਤੇ ਨਸ਼ਿਆਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਦੇ ਤਹਿਤ ਡੀਐਸਪੀ ਕੁਲਵਿੰਦਰ ਸਿੰਘ ਸਬ ਡਵੀਜ਼ਨ ਪੱਟੀ ਦੀ ਨਿਗਰਾਨੀ ਹੇਠ ਐਸ.ਆਈ ਲਖਬੀਰ ਸਿੰਘ ਨੇ ਮਾੜੇ ਅਨਸਰਾਂ 'ਤੇ ਨੱਥ ਪਾਉਣ ਲਈ ਇਲਾਕੇ ਵਿੱਚ ਵੱਖ-ਵੱਖ ਟੀਮਾਂ ਬਣਾ ਕੇ ਭੇਜੀਆਂ ਹਨ। ਇਸ ਵਿੱਚ ਐਸ ਆਈ ਅਮਰੀਕ ਸਿੰਘ ਨੂੰ ਪੱਟੀ ਦੇ ਮੜੀਆ ਰੋੜ ਤੋਂ ਇੱਕ ਮੋਨਾ ਮੁੰਡਾ ਆਉਂਦਾ ਦਿਖਾਈ ਦਿੱਤਾ ਜੋ ਪੁਲਿਸ ਨੂੰ ਦੇਖ ਕੇ ਘਬਰਾ ਕੇ ਗਿਆ ਅਤੇ ਆਪਣੀ ਪੈਂਟ ਦੀ ਜੇਬ ਵਿਚੋਂ ਵਜ਼ਨਦਾਰ ਮੋਮੀ ਲਿਫਾਫਾ ਬਾਹਰ ਸੁੱਟਣ ਲੱਗਾ। ਇਸ ਦੌਰਾਨ ਪੁਲਿਸ ਨੇ ਸ਼ੱਕ ਦੇ ਆਧਾਰ ਉੱਤੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਹੋਈ। ਉਸ ਖਿਲਾਫ਼ 21/61/85 ਐਨ ਡੀਪੀਐਸ ਐਕਟ ਤਹਿਤ ਮੁਕੱਦਮਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।