ਅਣਪਛਾਤੇ ਨੌਜਵਾਨ ਦੀ ਲਾਸ਼ ਮਿਲਣ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ
ਹੁਸ਼ਿਆਰਪੁਰ: ਗੜ੍ਹਸ਼ੰਕਰ-ਨਵਾਂਸ਼ਹਿਰ ਰੋਡ ਤੇ ਸਥਿਤ ਇਥੋਂ ਦੇ ਨੇੜਲੇ ਪਿੰਡ ਬਸਤੀ ਸਾਂਹਸੀਆ (ਦੇਨੋਵਾਲ ਖੁਰਦ) ਵਿਖੇ ਇਕ ਨੌਜਵਾਨ ਦੀ ਲਾਸ਼ ਮਿਲੀ ਹੈ। ਪੁਲਿਸ ਅਨੁਸਾਰ ਮ੍ਰਿਤਕ ਦੀ ਉਮਰ 18-20 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਅਤੇ ਮ੍ਰਿਤਕ ਦੇ ਨੇੜਿਓਂ ਖਾਲੀ ਸਰਿੰਜ ਵੀ ਮਿਲੀ ਹੈ। ਜਿਸ ਤੋਂ ਲੱਗਦਾ ਹੈ ਕਿ ਨੌਜਵਾਨ ਦੀ ਮੌਤ ਨਸ਼ੇ ਦੇ ਕਾਰਨ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਪਿੰਡ ਦੀਆਂ ਪੰਚਾਇਤੀ ਦੁਕਾਨਾਂ ਵਿਚ ਸਥਿਤ ਮਾਰਬਲ ਸਟੋਰ ਦੀ ਦੁਕਾਨ ਦੇ ਲਾਗੇ ਇਕ ਨੌਜਵਾਨ ਦੀ ਲਾਸ਼ ਵੇਖ ਕੇ ਲੋਕਾਂ ਨੇ ਪਿੰਡ ਦੇ ਸਰਪੰਚ ਨੂੰ ਸੂਚਿਤ ਕੀਤਾ। ਪਿੰਡ ਦੇ ਸਰਪੰਚ ਜਤਿੰਦਰ ਜੋਤੀ ਨੇ ਮੌਕੇ ਤੇ ਪਹੁੰਚ ਕੇ ਇਸ ਦੀ ਸੂਚਨਾ ਗੜ੍ਹਸ਼ੰਕਰ ਪੁਲਿਸ ਨੂੰ ਦਿੱਤੀ। ਗੜ੍ਹਸ਼ੰਕਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਕਬਜੇ ਵਿਚ ਲੈਕੇ ਸ਼ਨਾਖ਼ਤ ਲਈ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਰੱਖਵਾ ਦਿੱਤੀ ਹੈ। ਜਿਕਰਯੋਗ ਹੈ ਪਿਛਲੇ ਕੁਝ ਮਹੀਨਿਆਂ ਦੌਰਾਨ ਇਸ ਪਿੰਡ ਦੇ ਲਾਗਿਓ ਹੁਣ ਤੱਕ ਅੱਧਾ ਦਰਜਨ ਦੇ ਕਰੀਬ ਨੌਜਵਾਨਾਂ ਦੀਆਂ ਲਾਸ਼ਾਂ ਮਿਲ ਚੁੱਕੀਆਂ ਹਨ। ਜਿਨ੍ਹਾਂ ਵਿਚੋਂ ਜਿਆਦਾਤਰ ਦੀ ਪਹਿਚਾਣ ਵੀ ਨਹੀਂ ਹੋ ਸਕੀ ਹੈ। ਜਿਸ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ।