'ਸ੍ਰੀ ਨਾਂਦੇੜ ਸਾਹਿਬ 'ਚ ਫਸੇ ਸ਼ਰਧਾਲੂ ਨੂੰ ਵਾਪਿਸ ਲਿਆਉਣ ਦੀ ਕੋਸ਼ਿਸ਼ ਜਾਰੀ'
ਪਟਿਆਲਾ: ਲੌਕਡਾਊਨ ਦੇ ਚੱਲਦਿਆਂ ਭਾਰਤ ਵਿੱਚ ਆਉਣ ਜਾਣ ਵਾਲੇ ਸਾਰੇ ਆਵਾਜਈ ਦੇ ਸਾਧਨ ਬੰਦ ਪਏ ਹਨ। ਆਵਾਜਾਈ ਬੰਦ ਹੋਣ ਕਰਕੇ ਜਿਹੜਾ ਇਨਸਾਨ ਜਿੱਥੇ ਹੈ, ਉੱਥੇ ਹੀ ਫਸਿਆ ਹੋਇਆ ਹੈ। ਇਸ ਤਹਿਤ ਪੰਜਾਬ ਦੇ ਕਰੀਬ 2 ਹਜ਼ਾਰ ਸ਼ਰਧਾਲੂ ਮਹਾਰਾਸ਼ਟਰ ਦੇ ਸ੍ਰੀ ਨਾਂਦੇੜ ਸਾਹਿਬ ਵਿੱਚ ਫਸੇ ਹੋਏ ਹਨ। ਪੰਜਾਬ ਸਰਕਾਰ ਤੇ ਮਹਾਰਾਸ਼ਟਰ ਸਰਕਾਰ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਲਈ ਕੋਸ਼ਿਸ਼ ਕਰ ਰਹੀ ਹੈ। ਮਹਾਰਾਸ਼ਟਰ ਸਰਕਾਰ ਦਾ ਕਹਿਣਾ ਹੈ ਕਿ ਜਦੋਂ ਤਕ ਕੇਂਦਰ ਸਰਕਾਰ ਤੋਂ ਹਰੀ ਝੰਡੀ ਨਹੀਂ ਮਿਲਦੀ ਉਦੋਂ ਤੱਕ ਇਹ ਸੰਭਵ ਨਹੀਂ। ਇਸ ਮਾਮਲੇ ਸਬੰਧੀ ਹਰੀਸ਼ ਸਿੰਗਲਾ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਦੀ ਪੰਜਾਬ ਸਰਕਾਰ ਨਾਲ ਗੱਲ ਚੱਲ ਰਹੀ ਹੈ ਤੇ ਜੋ ਸ੍ਰੀ ਨਾਂਦੇੜ ਸਾਹਿਬ ਵਿੱਚ ਫਸੇ ਹੋਏ ਸ਼ਰਧਾਲੂ ਹਨ, ਉਨ੍ਹਾਂ ਨੂੰ ਵਾਪਸ ਲਿਆਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਜੋ ਨਾਂਦੇੜ ਸਾਹਿਬ ਵਿੱਚ ਫਸੇ ਸ਼ਰਧਾਲੂਆਂ ਨੂੰ ਪੰਜਾਬ ਭੇਜਿਆ ਜਾ ਸਕੇ।