ਹਲਕਾ ਗੜ੍ਹਸ਼ੰਕਰ ਦੇ ਲੋਕਾਂ ਦਾ ਕਾਂਗਰਸ ਸਰਕਾਰ ਖਿਲਾਫ਼ ਰੋਸ - Assembly elections 2022
ਹੁਸ਼ਿਆਰਪੁਰ: ਪੰਜਾਬ ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਜਿੱਥੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਨਾਲ ਭੱਖਿਆ ਹੋਇਆ ਹੈ ਅਤੇ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਵੋਟਰਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉੱਥੇ ਹੀ, ਲੋਕਾਂ ਵਲੋਂ ਕਾਂਗਰਸ ਸਰਕਾਰ ਦੇ ਕੀਤੇ ਹੋਏ ਕੰਮਾਂ ਦੀ ਕਾਰਗੁਜ਼ਾਰੀ 'ਤੇ ਸਵਾਲ ਉਠਾਏ ਜਾ ਰਹੇ ਹੈ। ਜੇਕਰ ਹਲਕਾ ਗੜ੍ਹਸ਼ੰਕਰ ਦੀ ਗੱਲ ਕਰੀਏ, ਤਾਂ ਇਥੇ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ 5 ਸਾਲ ਕਾਂਗਰਸ ਦੀ ਸਰਕਾਰ ਨੇ ਰਾਜ ਕੀਤਾ ਅਤੇ ਹਲਕਾ ਗੜ੍ਹਸ਼ੰਕਰ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਜੈ ਕ੍ਰਿਸ਼ਨ ਸਿੰਘ ਰੋੜੀ ਨੂੰ ਲੋਕਾਂ ਨੇ ਜਿਤਾ ਕੇ ਵਿਧਾਨਸਭਾ ਦੇ ਵਿੱਚ ਭੇਜਿਆ, ਪਰ ਹਲਕਾ ਗੜ੍ਹਸ਼ੰਕਰ ਦੇ ਵਿੱਚ ਨੰਗਲ ਰੋੜ ਦੀ ਮੁੱਖ ਸੜਕ ਅਤੇ ਅਨੰਦਪੁਰ ਸਾਹਿਬ ਰੋੜ ਦੀ ਹਾਲਤ ਇੰਨੀ ਖ਼ਸਤਾ ਹੋ ਚੁੱਕੀ ਹੈ ਕਿ ਸੜਕ ਵਿੱਚ ਟੋਏ ਨਹੀਂ ਸਗੋਂ ਟੋਇਆਂ ਵਿੱਚ ਸੜਕ ਬਣੀ ਹੋਈ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਵਿਧਾਇਕ ਨੇ ਜਿੱਤਣ ਤੋਂ ਬਾਅਦ ਲੋਕਾਂ ਦੀ ਸਾਰ ਨਹੀਂ ਲਈ। ਹਲਕਾ ਗੜ੍ਹਸ਼ੰਕਰ ਦੇ ਲੋਕਾਂ ਦਾ ਲੀਡਰਾਂ ਖਿਲਾਫ਼ ਰੋਸ ਦੇਖਣ ਨੂੰ ਮਿਲਿਆ। ਹੁਣ ਦੇਖਣਾ ਹੋਵੇਗਾ ਕਿ ਹਲਕਾ ਗੜ੍ਹਸ਼ੰਕਰ ਦੇ ਲੋਕ ਕਿਸ ਪਾਰਟੀ ਦੇ ਉਮੀਦਵਾਰ ਨੂੰ ਜਿਤਾ ਕੇ ਵਿਧਾਨਸਭਾ ਵਿੱਚ ਭੇਜਦੇ ਹਨ।