ਪੰਜਾਬ ਵਿੱਚ ਸਪਲਾਈ ਲਈ ਲਿਆਂਦੀ 18 ਕਿਲੋਂ ਅਫ਼ੀਮ ਸਣੇ ਵੱਡਾ ਤਸਕਰ ਗ੍ਰਿਫ਼ਤਾਰ - Khanna police nabbed 3 accused with 18 kg of opium
ਖੰਨਾ: ਪੰਜਾਬ 'ਚ ਕਰਫਿਊ ਲੱਗਣ ਦੇ ਬਾਵਜੂਦ ਦੂਜੇ ਸੂਬੇ ਤੋਂ ਲਿਆਂਦੀ ਗਈ 18 ਕਿਲੋਂ ਅਫ਼ੀਮ ਸਮੇਤ ਵੱਡੇ ਤਸਕਰ ਨੂੰ ਉਸ ਦੇ 2 ਹੋਰ ਸਾਥੀਆਂ ਸਮੇਤ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਖੰਨਾ ਦੇ ਐਸਐਸਪੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਐੱਸ. ਪੀ. ਖੰਨਾ ਜਗਵਿੰਦਰ ਸਿੰਘ ਚੀਮਾ ਦੀ ਨਿਗਰਾਨੀ ਅਧੀਨ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਇਕ ਟੀਮ ਨੂੰ ਇਤਲਾਹ ਮਿਲੀ ਸੀ। ਇਸ ਤੋਂ ਬਾਅਦ ਪੁਲਿਸ ਨੇ ਸਮਰਾਲਾ ਨੇੜੇ ਸਰਹਿੰਦ ਨਹਿਰ ਦੇ ਨੀਲੋਂ ਪੁੱਲ 'ਤੇ ਨਾਕਾਬੰਦੀ ਕੀਤੀ। ਇਸ ਦੌਰਾਨ ਪੁਲਿਸ ਪਾਰਟੀ ਨੂੰ ਪਿੰਡ ਤੱਖਰਾ ਵੱਲੋਂ ਇਕ ਸਪਲੈਂਡਰ ਮੋਟਰਸਾਈਕਲ 'ਤੇ 2 ਨੌਜਵਾਨ ਸਵਾਰ ਹੋ ਕੇ ਆਉਂਦੇ ਵਿਖਾਈ ਦਿੱਤੇ। ਪੁਲਿਸ ਨੇ ਉਨ੍ਹਾਂ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਤੇ ਤਲਾਸ਼ੀ ਲਈ ਜਿਸ ਦੌਰਾਨ ਉਸ ਕੋਲੋਂ 3 ਕਿਲੋਂ ਅਫ਼ੀਮ ਬਰਾਮਦ ਹੋਈ। ਪੁੱਛਗਿੱਛ 'ਚ ਹਰਜੋਤ ਸਿੰਘ ਉਰਫ਼ ਜੋਤ ਜੋ ਕਿ ਵੱਡਾ ਤਸਕਰ ਮੰਨਿਆ ਜਾਂਦਾ ਹੈ, ਨੇ ਪੁਲਸ ਨੂੰ ਦੱਸਿਆ ਕਿ 14 ਕਿਲੋਂ ਅਫ਼ੀਮ ਉਸ ਦੇ ਘਰ ਪਈ ਹੈ ਅਤੇ 1 ਕਿਲੋਂ ਅਫ਼ੀਮ ਉਸ ਨੇ ਆਪਣੇ ਹੀ ਪਿੰਡ ਦੇ ਬਲਬੀਰ ਸਿੰਘ ਨਾਮਕ ਵਿਅਕਤੀ ਨੂੰ ਵੇਚ ਦਿੱਤੀ ਹੈ। ਹਰਜੋਤ ਸਿੰਘ ਉਰਫ ਜੋਤ ਜਿਸ ’ਤੇ ਪਹਿਲਾਂ ਵੀ ਕਤਲ ਦੀ ਕੋਸ਼ਿਸ਼ ਸਮੇਤ ਕਈ ਹੋਰ ਕੇਸ ਦਰਜ ਹਨ, ਨੇ ਦੱਸਿਆ ਕਿ ਉਸ ਨੇ ਇਹ ਸਾਰੀ ਅਫ਼ੀਮ ਰਾਜਸਥਾਨ ਦੇ ਭੀਲਭਾੜਾ ਤੋਂ ਟੱਰਕ ਰਾਹੀਂ ਮੰਗਵਾਈ ਸੀ ਅਤੇ ਇਸ ਨੂੰ ਅੱਗੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਪਲਾਈ ਕੀਤਾ ਜਾਣਾ ਸੀ। ਐਸ. ਐੱਚ. ਓ. ਸਮਰਾਲਾ ਸਿੰਕਦਰ ਸਿੰਘ ਨੇ ਦੱਸਿਆ ਕਿ ਇੰਨੀ ਵੱਡੀ ਮਾਤਰਾਂ 'ਚ ਹੋਈ ਅਫ਼ੀਮ ਦੀ ਰਿਕਵਰੀ ਪੁਲਿਸ ਦੀ ਬਹੁਤ ਵੱਡੀ ਪ੍ਰਾਪਤੀ ਹੈ ਤੇ ਪੁਲਿਸ ਇਨ੍ਹਾਂ ਸਾਰੇ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਮਗਰੋਂ ਹੋਰ ਵੀ ਕਈ ਵੱਡੇ ਖੁਲਾਸੇ ਕਰੇਗੀ।
TAGGED:
khanna police