ਸਕਾਲਰਸ਼ਿਪ ਘੁਟਾਲਾ: ਧਰਮਸੋਤ ਦੀ ਕੋਠੀ ਘੇਰਨ ਮੌਕੇ ਗ੍ਰਿਫਤਾਰ ਕੀਤੇ ਆਪ ਆਗੂਆਂ ਨੂੰ ਪੁਲਿਸ ਨੇ ਕੀਤਾ ਰਿਹਾਅ - ਆਪ ਆਗੂ ਗ੍ਰਿਫਤਾਰ
ਨਾਭਾ: ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਬੀਤੇ ਦਿਨ ਨਾਭਾ ਵਿਖੇ ਪੰਜਾਬ ਦੇ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਰਿਹਾਇਸ਼ ਅੱਗੇ ਅਣਮਿੱਥੇ ਸਮੇਂ ਲਈ ਆਪ ਆਗੂਆਂ ਵੱਲੋਂ ਧਰਨਾ ਲਗਾਇਆ ਗਿਆ ਸੀ ਅਤੇ ਸ਼ੁੱਕਰਵਾਰ ਸਵੇਰੇ ਪੁਲਿਸ ਨੇ ਕਰੀਬ 25 ਆਪ ਆਗੂਆਂ ਨੂੰ ਗ੍ਰਿਫਤਾਰ ਕਰਕੇ ਥਾਣੇ ਵਿੱਚ ਨਜ਼ਰਬੰਦ ਕਰ ਦਿੱਤਾ ਹੈ, ਜਿਸ ਤੋਂ ਬਾਅਦ ਆਪ ਆਗੂਆਂ ਵੱਲੋਂ ਵੱਖ-ਵੱਖ ਸ਼ਹਿਰਾਂ ਤੋਂ ਇਕੱਠੇ ਹੋ ਕੇ ਰੋਹਟੀ ਪੁਲ ਚੌਕੀ ਦਾ ਘਿਰਾਓ ਕੀਤਾ ਗਿਆ ਅਤੇ ਇਸ ਤੋਂ ਬਾਅਦ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਆਪ ਆਗੂਆਂ ਨੂੰ ਛੱਡ ਦਿੱਤਾ। ਪੁਲੀਸ ਦੀ ਗ੍ਰਿਫ਼ਤ ਵਿੱਚੋਂ ਬਾਹਰ ਨਿਕਲੇ ਆਪ ਆਗੂ ਨੇ ਕਿਹਾ ਕਿ ਅਸੀਂ ਗ੍ਰਿਫ਼ਤਾਰੀਆਂ ਤੋਂ ਨਹੀਂ ਡਰਦੇ ਅਤੇ ਹਾਈਕਮਾਂਡ ਨਾਲ ਮਿਲ ਕੇ ਉਹ ਅੱਗੇ ਦੀ ਰਣਨੀਤੀ ਬਣਾਉਣਗੇ। ਦੂਜੇ ਪਾਸੇ ਥਾਣਾ ਸਦਰ ਦੇ ਐਸਐਚਓ ਸੁਖਦੇਵ ਸਿੰਘ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਨੂੰ ਵੇਖਦਿਆਂ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇਨ੍ਹਾਂ ਨੂੰ ਛੱਡ ਦਿੱਤਾ ਗਿਆ ਅਤੇ ਇਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਕੋਰੋਨਾ ਮਹਾਂਮਾਰੀ ਦੇ ਚੱਲਦੇ ਉਹ ਧਰਨਾ ਨਹੀਂ ਲਗਾਉਣਗੇ।