ਹਰਸਿਮਰਤ ਬਾਦਲ ਨੇ ਮੁੱਖ ਮੰਤਰੀ ਚੰਨੀ ਅਤੇ ਕੇਜਰੀਵਾਲ 'ਤੇ ਕੀਤੇ ਸ਼ਬਦੀ ਹਮਲੇ
ਮਾਨਸਾ: ਸਾਬਕਾ ਕੇਂਦਰੀ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਮਾਨਸਾ ਦੇ ਪਿੰਡ ਫਫੜੇ ਭਾਈਕਾ ਅਤੇ ਮਾਨਸਾ ਦੀ ਅਨਾਜ ਮੰਡੀ ਵਿੱਚ ਚੋਣ ਜਲਸੇ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਦੌਰਾਨ ਹਰਸਿਮਰਤ ਕੌਰ ਬਾਦਲ ਨੇ ਮਾਨਸਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਕੁਮਾਰ ਅਰੋੜਾ ਲਈ ਵੋਟਾਂ ਮੰਗੀਆਂ, ਤਾਂ ਦੂਜੇ ਪਾਸੇ ਉਨ੍ਹਾਂ ਚਰਨਜੀਤ ਚੰਨੀ ਅਤੇ ਕੇਜਰੀਵਾਲ 'ਤੇ ਤਿੱਖੇ ਹਮਲੇ ਕੀਤੇ। ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜਦੋਂ ਪੰਜਾਬ ਸਰਕਾਰ ਦੇ ਮੰਤਰੀ ਵਜ਼ੀਫੇ ਦੇ ਪੈਸੇ ਖਾ ਗਏ, ਉਸ ਸਮੇਂ ਚੰਨੀ ਨੇ ਗਰੀਬਾਂ ਦੇ ਹੱਕ ਵਿੱਚ ਕੁਝ ਨਹੀਂ ਕਿਹਾ ਅਤੇ ਜਦੋਂ ਕੇਂਦਰ ਵੱਲੋਂ ਭੇਜੇ ਗਏ ਕਰੋਨਾ ਦੇ ਦੌਰ 'ਚ ਸਰਕਾਰ ਦਾ ਰਾਸ਼ਨ ਸਰਕਾਰ ਦੇ ਮੰਤਰੀ ਖਾ ਗਏ, ਉਸ ਸਮੇਂ ਵੀ ਚੰਨੀ ਨੇ ਕੁਝ ਨਹੀਂ ਕਿਹਾ। ਉਨ੍ਹਾਂ ਕਿਹਾ ਕਿ ਜਦੋਂ ਮੁੱਖ ਮੰਤਰੀ ਬਦਲੀ ਕਰਵਾਉਣ ਲਈ ਪੈਸੇ ਲੈਣ ਲੱਗਦੇ ਹਨ ਅਤੇ ਉਨ੍ਹਾਂ ਦੇ ਅਧਿਕਾਰੀ ਕਹਿੰਦੇ ਹਨ ਕਿ ਸਰਕਾਰ ਦੇ ਮੰਤਰੀ ਨਜਾਇਜ਼ ਸ਼ਰਾਬ ਵੇਚ ਕੇ ਪੰਜਾਬ ਨੂੰ ਲੁੱਟ ਰਹੇ ਹਨ, ਪਰ ਰਾਹੁਲ ਗਾਂਧੀ ਕਹਿੰਦੇ ਹਨ ਕਿ ਚੰਨੀ ਨੂੰ 5 ਸਾਲ ਹੋਰ ਮੌਕਾ ਦਿੱਤਾ ਜਾਵੇ।