ਮੋਗਾ 'ਚ ਵੀ ਖੁੱਲ੍ਹਿਆ ਗੁਰੂ ਨਾਨਕ ਮੋਦੀਖਾਨਾ
ਮੋੋਗਾ: ਸ਼ਰਨ ਫਾਊਂਡੇਸ਼ਨ ਤੇ ਮੋਗਾ ਸ਼ਹਿਰ ਦੀਆਂ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਗੁਰੂ ਨਾਨਕ ਮੋਦੀਖਾਨਾ ਦੀ ਸ਼ੁਰੂਆਤ ਕੀਤੀ ਗਈ ਹੈ। ਮੋਗਾ ਦੇ ਅਕਾਲਸਰ ਰੋਡ 'ਤੇ ਗੁਰਦੁਆਰਾ ਬੀਬਾ ਜਨਕੀ ਦੇ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਬਿਨਾਂ ਕਿਸੇ ਕਮਾਈ ਵਾਜਬ ਰੇਟਾਂ ਤੇ ਦਵਾਈਆਂ ਮੁਹੱਈਆ ਕਰਵਾਉਣ ਲਈ ਗੁਰੂ ਨਾਨਕ ਮੋਦੀਖਾਨਾ ਸ੍ਰੀ ਗੁਰੂ ਗ੍ਰੰਥ ਸਾਹਬ ਦਾ ਓਟ ਆਸਰਾ ਲੈਣ ਤੋ ਬਾਅਦ ਆਰੰਭ ਕੀਤਾ ਗਿਆ। ਇਸ ਮੌਕੇ ਜਥੇਬੰਦੀਆਂ ਦੇ ਆਗੂ ਅੰਮ੍ਰਿਤਪਾਲ ਸਿੰਘ ਖਾਲਸਾ, ਨਵਤੇਜ ਸਿੰਘ ਤੇ ਰਾਜਵੀਰ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਮੋਦੀਖਾਨਾ ਖੋਲ੍ਹਣ ਦਾ ਮੁੱਖ ਉਦੇਸ਼ ਲੋੜਵੰਦ ਮਰੀਜ਼ਾਂ ਨੂੰ ਹਰ ਤਰ੍ਹਾਂ ਦੀਆਂ ਦਵਾਈਆਂ ਵਾਜਬ ਰੇਟ 'ਤੇ ਮੁਹੱਈਆ ਕਰਵਾ ਲੋਕ ਸੇਵਾ ਕਰਨਾ ਹੈ। ਉਨ੍ਹਾਂ ਕਿਹਾ ਕਿ ਨਾ ਘਾਟਾ ਨਾ ਕਮਾਈ 'ਤੇ ਕੰਮ ਕਰਦਿਆਂ ਭਾਵੇਂ ਅਨੇਕਾਂ ਸਮੱਸਿਆਵਾਂ ਆਉਣਗੀਆਂ ਪਰ ਇਨ੍ਹਾਂ ਆਰਥਿਕ ਸਮੱਸਿਆਵਾਂ ਦਾ ਹੱਲ ਲੋਕਾਂ ਵੱਲੋਂ ਕੱਢੇ ਜਾਂਦੇ ਦਸਵੰਧ, ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਪੂਰਿਆ ਜਾਵੇਗਾ ਅਤੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵੀ ਦਿੱਤੀਆਂ ਜਾਣਗੀਆਂ।