'ਪੱਛਮੀ ਸੱਭਿਆਚਾਰ ਦੇ ਰੰਗ ਨੇ ਪੰਜਾਬੀਆਂ ਦੀ ਖ਼ੁਰਾਕ 'ਚ ਲਿਆਂਦੀ ਤਬਦੀਲੀ'
ਅੰਮ੍ਰਿਤਸਰ: ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਮਾਲ ਰੋਡ ਵਿਖੇ ਪੋਸ਼ਣ ਮਹੀਨੇ ਦੀ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਜਿੱਥੇ ਆਸ਼ਾ ਵਰਕਰਾਂ ਦੇ ਮੁੱਦੇ ਲੋਕ ਸਭਾ ਵਿੱਚ ਉਠਾਉਣ ਦਾ ਭਰੋਸਾ ਦਿੱਤਾ ਉਥੇ ਚੰਗੀ ਖੁਰਾਕ ਦੀ ਮਹੱਤਤਾ ਅਤੇ ਕਿਰਦਾਰ ਉਸਾਰੀ ਵਰਗੇ ਵਿਸ਼ਿਆਂ ਨੂੰ ਸਕੂਲੀ ਪੜ੍ਹਾਈ ਦਾ ਵਿਸ਼ਾ ਬਨਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ। ਔਜਲਾ ਨੇ ਕਿਹਾ ਕਿ ਹਰ ਕੋਈ ਚੰਗੀ ਖੁਰਾਕ ਖਾਣ ਅਤੇ ਕੰਮ ਕਰਨ ਦਾ ਆਦੀ ਸੀ, ਜਿਸ ਕਾਰਨ ਸਿਹਤ ਪੱਖੋਂ ਪੰਜਾਬ ਨੂੰ ਕੋਈ ਸਮੱਸਿਆ ਨਹੀਂ ਸੀ, ਪਰ ਹੁਣ ਨੌਜਵਾਨ ਪੀੜ੍ਹੀ ਦੇ ਪੱਛਮੀ ਸਭਿਆਚਾਰ ਦੇ ਬੁਰੇ ਪ੍ਰਭਾਵਾਂ ਹੇਠ ਆਉਣ ਕਾਰਨ ਖਾਣ-ਪੀਣ ਵੀ ਬਦਲ ਗਿਆ ਹੈ ਅਤੇ ਹੱਥੀਂ ਕੰਮ ਕਰਨ ਨੂੰ ਨਾਂਹ ਕਰਨ ਦੀ ਆਦਤ ਪਾਲ ਲਈ ਹੈ। ਇਸ ਕਾਰਨ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਿਹਤ ਰੂਪੀ ਕੁਦਰਤੀ ਵਰਦਾਨ ਤੋਂ ਸੱਖਣੀਆਂ ਰਹਿ ਗਈਆਂ ਹਨ।