ਫਤਿਹਗੜ੍ਹ ਸਾਹਿਬ ਦੇ ਸੀਆਈਏ ਸਟਾਫ ਨੇ ਜਾਅਲੀ ਭਾਰਤੀ ਫੌਜ ਦਾ ਲੈਫ. ਕਰਨਲ ਕੀਤਾ ਕਾਬੂ - ਜਾਅਲੀ ਭਾਰਤੀ ਫੌਜ ਦਾ ਲੈਫ. ਕਰਨਲ ਕਾਬੂ
ਸ੍ਰੀ ਫਤਿਹਗੜ੍ਹ ਸਾਹਿਬ: ਸੀਆਈਏ ਸਟਾਫ ਨੇ ਆਪਣੇ ਆਪ ਨੂੰ ਭਾਰਤੀ ਫੌਜ ਦਾ ਲੈਫ਼ਟੀਨੈਂਟ ਕਰਨਲ ਦੱਸਣ ਵਾਲੇ ਵਿਕਅਤੀ ਨੂੰ ਇੱਕ 32 ਬੋਰ ਦੀ ਨਾਜ਼ਾਇਜ ਪਿਸਤੌਲ ਸਮੇਤ 3 ਰੌਂਦ, ਇੱਕ ਏਅਰ ਪਿਸਤੌਲ, 5 ਜਾਅਲੀ ਗੋਲ ਮੋਹਰਾਂ, ਇੱਕ ਵਾਕੀ ਟਾਕੀ ਸੈਟ, ਆਰਮੀ ਦੇ ਲੈਫਟੀਨੈਂਟ ਕਰਨਲ ਦੀ ਕਾਲੇ ਰੰਗ ਦੀ ਵਰਦੀ ਅਤੇ 2 ਹੋਰ ਆਰਮੀ ਦੀਆਂ ਕਾਲੇ ਰੰਗ ਦੀਆਂ ਵਰਦੀਆਂ ਸਮੇਤ ਕਾਬੂ ਕੀਤਾ ਹੈ ਕਾਬੂ ਕੀਤੇ ਗਏ ਵਿਅਕਤੀ ਦੀ ਪਛਾਣ ਸ਼ੋਬਰਾਜ ਸਿੰਘ ਉਰਫ ਸ਼ਿਵਾ ਵਾਸੀ ਪਿੰਡ ਮੰਝ ਫਗੂਵਾਲਾ ਥਾਣਾ ਸਲੇਮਟਾਵਰੀ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਨੇ ਦੱਸਿਆ ਕਿ ਮੁਲਜ਼ਮ ਸ਼ੋਬਰਾਜ ਪਾਸੋਂ ਪੁਲਿਸ ਨੇ ਇੱਕ ਕਾਰ ਦੀ ਨੰਬਰ ਪਲੇਟ ‘ਤੇ ਲੱਗਿਆ ਇੰਡੀਅਨ ਆਰਮੀ ਦਾ ਲੋਗੋ, ਇੱਕ ਲੈਪਟਾਪ ਅਤੇ ਆਰਮੀ ਦੇ ਜਾਅਲੀ ਦਸਤਾਵੇਜ, ਲੈਫਟੀਨੈਂਟ ਕਰਨਲ ਰੈਂਕ ਦਾ ਸ਼ਨਾਖਤੀ ਕਾਰਡ ਤੇ ਜਾਅਲੀ ਸਰਟੀਫਿਕੇਟ ਮੌਕੇ ਤੋਂ ਬਰਾਮਦ ਕੀਤੇ ਹਨ। ਉਨ੍ਹਾਂ ਨੇ ਦੱਸਿਆ ਕਿ ਸ਼ੋਬਰਾਜ ਸਿੰਘ ਉਰਫ ਸ਼ਿਵਾ ਜੋ ਕਿ ਆਰਮੀ ਵਿੱਚ ਬਤੌਰ ਸਿਪਾਹੀ ਨੌਕਰੀ ਕਰਦਾ ਰਿਹਾ ਹੈ, ਪ੍ਰੰਤੂ ਉਹ ਖੁਦ ਨੂੰ ਲੈਫਟੀਨੈਂਟ ਕਰਨਲ ਦੱਸਦਾ ਹੈ, ਨੇ ਜ਼ਿਲ੍ਹਾ ਲੁਧਿਆਣਾ ਦੇ ਤਿੰਨ ਹੋਰ ਵਿਅਕਤੀਆਂ ਨਾਲ ਰਲਾ ਕੇ ਗੈਂਗ ਬਣਾਇਆ ਹੋਇਆ ਹੈ।