ਤਲਵੰਡੀ ਸਾਬੋ: ਕਿਸਾਨ ਦੀ ਸਬਸਿਡੀ ਦੇ ਪੈਸੇ ਨਾ ਦੇਣ ਦੇ ਰੋਸ ਵਜੋਂ ਕਿਸਾਨਾਂ ਵੱਲੋਂ ਬੀਡੀਪੀਓ ਦਫ਼ਤਰ ਦਾ ਘਿਰਾਓ
ਬਠਿੰਡਾ: ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਜੋਗੇਵਾਲਾ ਦੇ ਇੱਕ ਕਿਸਾਨ ਦੇ ਕੈਟਲ ਸ਼ੈੱਡ (ਪਸ਼ੂਆਂ ਲਈ ਵਰਾਂਡਾ) ਦੀ ਸਬਸਿਡੀ ਦੀ ਬਕਾਇਆ ਰਾਸ਼ੀ ਕਿਸਾਨ ਦੇ ਖਾਤੇ ਵਿੱਚ ਨਾ ਪਾਏ ਜਾਣ ਦੇ ਰੋਸ ਵਜੋਂ ਮੰਗਲਵਾਰ ਨੂੰ ਇੱਕ ਵਾਰ ਫਿਰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਤਲਵੰਡੀ ਸਾਬੋ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ। ਕਿਸਾਨ ਆਗੂਆਂ ਨੇ ਦੱਸਿਆ ਕਿ ਕਿਸਾਨ ਜਗਸੀਰ ਸਿੰਘ ਨੇ ਕਰਜ਼ਾ ਚੁੱਕ ਕੇ ਪਿੰਡ ਦੇ ਸਰਪੰਚ ਦੇ ਕਹਿਣ 'ਤੇ ਸ਼ੈੱਡ ਪਾਇਆ ਸੀ ਅਤੇ ਸਰਪੰਚ ਨੇ ਭਰੋਸਾ ਦਿੱਤਾ ਸੀ ਕਿ ਸ਼ੈੱਡ ਦੇ ਪੈਸੇ ਨਰੇਗਾ ਸਕੀਮ ਅਧੀਨ ਸਰਕਾਰ ਤੋਂ ਅੱਠ ਦਿਨਾਂ 'ਚ ਦਵਾ ਦੇਵੇਗਾ ਪਰ ਪੈਸੇ ਨਹੀਂ ਆਏ। ਉਨ੍ਹਾਂ ਦੱਸਿਆ ਕਿ ਦੋ ਮਹੀਨੇ ਪਹਿਲਾਂ ਵੀ ਧਰਨਾ ਲਾਇਆ ਸੀ ਅਤੇ ਪ੍ਰਸ਼ਾਸ਼ਨ ਨੇ ਕਿਸਾਨ ਦੇ ਪੈਸੇ ਜਲਦੀ ਪਾਉਣ ਦਾ ਭਰੋਸਾ ਦਿੱਤਾ ਸੀ ਪਰ ਪੈਸੇ ਨਾ ਪੈਣ 'ਤੇ ਫਿਰ ਮਜਬੂਰੀਵਸ ਧਰਨਾ ਲਾਇਆ ਗਿਆ। ਪਤਾ ਲੱਗਾ ਹੈ ਕਿ ਸ਼ਾਮ ਸਮੇਂ ਬੀਡੀਪੀਓ ਅਤੇ ਕਿਸਾਨਾਂ ਵਿਚਕਾਰ 15 ਸਤੰਬਰ ਤੱਕ ਪੈਸੇ ਪਾਉਣ ਦੇ ਲਿਖਤੀ ਸਮਝੌਤੇ ਮਗਰੋਂ ਕਿਸਾਨਾਂ ਨੇ ਧਰਨਾ ਚੁੱਕ ਲਿਆ।