ਬਰਨਾਲਾ: ਬਿਜਲੀ ਦੇ ਕੱਟਾਂ ਤੋਂ ਤੰਗ ਕਿਸਾਨਾਂ ਨੇ ਘੇਰਿਆ ਐਸਸੀ ਦਫ਼ਤਰ - ਬਰਨਾਲਾ
ਬਰਨਾਲਾ: ਪੰਜਾਬ ਵਿੱਚ ਕੋਲੇ ਦੀ ਘਾਟ ਕਾਰਨ ਪਾਵਰਕੌਮ ਵੱਲੋਂ ਬਿਜਲੀ ਕੱਟ ਲਗਾਉਣੇ ਸ਼ੁਰੂ ਕਰ ਦਿੱਤੇ ਹਨ, ਪਰ ਪਿੰਡਾਂ ਵਿੱਚ ਬਿਜਲੀ ਕੱਟ ਤੋਂ ਪਰੇਸ਼ਾਨ ਕਿਸਾਨਾਂ ਵੱਲੋਂ ਪਾਵਰਕੌਮ ਦੇ ਐੱਸਈ ਦਫ਼ਤਰ ਦਾ ਘਿਰਾਓ ਕਰਕੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਹਰਮੰਡਲ ਸਿੰਘ ਅਤੇ ਬੂਟਾ ਸਿੰਘ ਨੇ ਕਿਹਾ ਕਿ ਪਿੰਡਾਂ ਵਿੱਚ ਸ਼ਾਮ 4 ਵਜੇ ਤੋਂ 8 ਵਜੇ ਤੱਕ ਬਿਜਲੀ ਵਿਭਾਗ ਵੱਲੋਂ ਅਣ ਐਲਾਨੇ ਕੱਟ ਲਗਾਏ ਜਾ ਰਹੇ ਹਨ। ਇਹ ਸਮਾਂ ਘਰਾਂ ਵਿੱਚ ਕੰਮ ਕਰਨ ਦਾ ਹੁੰਦਾ ਹੈ, ਪਰ ਪਾਵਰਕੌਮ ਬੇਵਜ੍ਹਾ ਲੋਕਾਂ ਨੂੰ ਤੰਗ ਕਰ ਰਹੀ ਹੈ, ਜਿਸ ਤੋਂ ਪ੍ਰੇਸ਼ਾਨ ਉਨ੍ਹਾਂ ਵੱਲੋਂ ਕੁਝ ਦਿਨ ਪਹਿਲਾਂ ਵੀ ਧਰਨਾ ਲਗਾਇਆ ਗਿਆ ਸੀ। ਅੱਜ ਮੁੜ ਧਰਨਾ ਲਗਾਉਣਾ ਪਿਆ ਹੈ, ਪਰ ਪਾਵਰਕੌਮ ਦੇ ਅਧਿਕਾਰੀ ਦਫ਼ਤਰ ਨੂੰ ਜਿੰਦਰਾ ਲਗਾ ਕੇ ਭੱਜ ਗਏ ਹਨ। ਉਨ੍ਹਾਂ ਕਿਹਾ ਕਿ ਦਫ਼ਤਰਾਂ ਨੂੰ ਜਿੰਦੇ ਲਗਾ ਕੇ ਕੰਮ ਨਹੀਂ ਸਰਨਾ, ਬਲਕਿ ਬਿਜਲੀ ਕੱਟਾਂ ਦਾ ਹੱਲ ਕਰਨਾ ਪਵੇਗਾ। ਜੇਕਰ ਇਹ ਬਿਜਲੀ ਕੱਟ ਲਗਾਉਣੇ ਬੰਦ ਨਾ ਕੀਤੇ ਤਾਂ ਸੰਘਰਸ਼ ਤੇਜ਼ ਤੇ ਤਿੱਖਾ ਕੀਤਾ ਜਾਵੇਗਾ।