ਪੁਲਿਸ 'ਤੇ ਕੁੱਟਮਾਰ ਦਾ ਮਾਮਲਾ, ਕੋਰਟ ਨੇ ਵਿਭਾਗੀ ਜਾਂਚ ਦੇ ਦਿੱਤੇ ਹੁਕਮ - ਡੀਜੀਪੀ ਦਿਨਕਰ ਗੁਪਤਾ
ਚੰਡੀਗੜ੍ਹ: ਕਰੀਬ ਇੱਕ ਸਾਲ ਪਹਿਲਾਂ ਪੁਲਿਸ ਵੱਲੋਂ ਨੌਜਵਾਨਾਂ ਦੀ ਕੁੱਟਮਾਰ ਕਰਕੇ ਉਨਾਂ ਨੂੰ ਨੰਗਾ ਘੁੰਮਾਏ ਜਾਣ ਦਾ ਵੀਡੀਓ ਵਾਇਰਲ ਹੋਇਆ ਸੀ, ਜਿਸ ਦਾ ਮਾਮਲਾ ਪੰਜਾਬ ਹਰਿਆਣਾ ਹਾਈ ਕੋਰਟ 'ਚ ਚਲ ਰਿਹਾ ਸੀ। ਕੋਰਟ ਨੇ ਇਹ ਸ਼ਰਮਨਾਕ ਹਰਕਤ ਕਰਨ ਵਾਲੇ ਪੰਜਾਬ ਪੁਲਿਸ ਦੇ 2 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਸੀ। ਹੁਣ ਕੋਰਟ ਨੇ ਇਸ ਮਾਮਲੇ 'ਚ ਮੁਅੱਤਲ ਕੀਤੇ ਪੁਲਿਸ ਅਧਿਕਾਰੀਆਂ ਵਿਰੁੱਧ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਹਨ ਜਿਸ ਲਈ ਢਾਈ ਮਹੀਨੇ ਦੀ ਡੈਡਲਾਈਨ ਮਿੱਥੀ ਗਈ ਹੈ। ਇਸ ਮਾਮਲੇ ਵਿੱਚ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਇੱਕ ਹਲਫ਼ਨਾਮਾ ਦਾਖ਼ਲ ਕਰ ਦੱਸਿਆ ਗਿਆ ਸੀ ਕਿ ਉਨ੍ਹਾਂ ਵੱਲੋਂ ਜਿਹੜੀ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਸੀ ਉਨ੍ਹਾਂ ਨੇ ਇੱਕ ਰਿਪੋਰਟ ਸੌਂਪੀ ਸੀ ਜਿਸ ਤੋਂ ਬਾਅਦ ਇੰਸਪੈਕਟਰ ਬਲਜਿੰਦਰ ਸਿੰਘ ਤੇ ਹੈੱਡ ਕਾਂਸਟੇਬਲ ਵਰੁਣ ਕੁਮਾਰ ਵਿਰੁੱਧ ਐੱਫਆਈਆਰ ਦਰਜ ਕੀਤੀ ਗਈ ਸੀ। ਹਲਫ਼ਨਾਮੇ 'ਚ ਇੱਕ ਹੋਰ ਐਸਆਈਟੀ ਜਿਸ ਦਾ ਗਠਨ 3 ਜੁਲਾਈ ਨੂੰ ਕੀਤਾ ਸੀ, ਨੂੰ ਜਾਂਚ ਪੂਰੀ ਕਰ ਕੇ ਰਿਪੋਰਟ ਸਬਮਿਟ ਕਰਨ ਬਾਰੇ ਵੀ ਦੱਸਿਆ ਗਿਆ ਸੀ। ਫਿਲਹਾਲ ਕੋਰਟ ਨੇ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਹਨ।