ਐਨਐਚਐਮ ਕਾਮਿਆਂ ਨੇ ਬੈਰੀਕੇਡ ਤੋੜ ਘੇਰਿਆ ਵਿੱਤ ਮੰਤਰੀ ਦਾ ਦਫ਼ਤਰ - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਐਨਐਚਐਮ ਕਾਮਿਆਂ ਦੇ ਸੰਘਰਸ਼ ਨੂੰ ਸਮਰਥਨ
ਬਰਨਾਲਾ: ਪਿਛਲੇ ਕਰੀਬ ਇੱਕ ਮਹੀਨੇ ਤੋਂ ਸੰਘਰਸ਼ ਕਰ ਰਹੇ ਐਨਐਚਐਮ ਕਾਮਿਆਂ ਨੇ ਅੱਜ ਬਠਿੰਡਾ ਵਿਖੇ ਸੂਬਾ ਪੱਧਰੀ ਰੈਲੀ ਕੀਤੀ। ਇਹ ਰੈਲੀ ਬਠਿੰਡਾ ਦੇ ਸਰਕਾਰੀ ਹਸਪਤਾਲ 'ਚ ਕਰਨ ਉਪਰੰਤ ਇਨ੍ਹਾਂ ਕਾਮਿਆਂ ਨੇ ਬਠਿੰਡਾ ਸ਼ਹਿਰ ਵਿੱਚ ਰੋਸ ਮਾਰਚ ਕਰਕੇ ਪਰਚੇ ਵੰਡੇ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਦਾ ਬੈਰੀਗੇਡ ਤੋੜ ਕੇ ਘਿਰਾਓ ਕੀਤਾ। ਇਸ ਮੌਕੇ ਕੱਚੇ ਕਾਮਿਆਂ ਨੇ ਐਲਾਨ ਕੀਤਾ ਕਿ ਹੁਣ ਉਹ ਸਰਕਾਰ ਨਾਲ ਕਿਸੇ ਵੀ ਤਰ੍ਹਾਂ ਦੀ ਮੰਗ ਪੱਤਰ ਵਾਲੀ ਰਣਨੀਤੀ 'ਤੇ ਨਹੀਂ ਚੱਲਣਗੇ। ਹੁਣ ਉਹ ਆਰ ਪਾਰ ਦੀ ਲੜਾਈ ਸਰਕਾਰ ਖ਼ਿਲਾਫ਼ ਲੜਨਗੇ ਅਤੇ ਸ਼ਹਿਰ ਵਿਚ ਜਗ੍ਹਾ ਜਗ੍ਹਾ ਕਾਂਗਰਸ ਵਿਰੁੱਧ ਪ੍ਰਚਾਰ ਕਰਨਗੇ। ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਐਨਐਚਐਮ ਕਾਮਿਆਂ ਦੇ ਸੰਘਰਸ਼ ਨੂੰ ਸਮਰਥਨ ਦਿੰਦਿਆਂ ਕਿਹਾ ਕਿ ਪਿੰਡਾਂ ਵਿੱਚ ਕਿਸਾਨ ਯੂਨੀਅਨ ਅਤੇ ਸ਼ਹਿਰਾਂ ਵਿੱਚ ਐਨਐਚਐਮ ਕਾਮੇ ਪੰਜਾਬ ਸਰਕਾਰ ਦਾ ਵਿਰੋਧ ਕਰਨਗੇ ਅਤੇ ਹਰ ਹਾਲਤ ਵਿੱਚ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਐਨਐਚਐਮ ਕਾਮੇ ਇਸੇ ਤਰ੍ਹਾਂ ਸੰਘਰਸ਼ ਜਾਰੀ ਰੱਖਣਗੇ।