ਪੁਲੀਸ ਚੌਕੀ ਦਾ ਘਿਰਾਓ ਕਰਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਕੀਤੀ ਨਾਅਰੇਬਾਜ਼ੀ - ਡਕੌਂਦਾ
ਮਾਨਸਾ: ਸਥਾਨਿਕ ਸ਼ਹਿਰ ਦੀਆਂ ਕੈਂਚੀਆਂ ਤੇ ਠੂਠਿਆਂਵਾਲੀ ਚੌਂਕੀ ਦਾ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਘਿਰਾਓ ਕਰਕੇ ਪੁਲੀਸ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਕਿਸਾਨ ਆਗੂ ਮਹਿੰਦਰ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਪਿਛਲੇ ਦਿਨੀਂ ਇਕ ਲੜਕੀ 'ਤੇ ਪੁਲਿਸ ਵੱਲੋਂ ਅੱਤਿਆਚਾਰ ਕੀਤਾ ਗਿਆ ਹੈ ਜੋ ਕਿ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਇਸ ਬੱਚੀ ਨਾਲ ਜ਼ਿਆਦਤੀ ਕੀਤੀ ਗਈ ਹੈ, ਜਿਸ ਨੂੰ ਇਨਸਾਫ ਦਿਵਾਉਣ ਦੇ ਲਈ ਕਿਸਾਨਾਂ ਵੱਲੋਂ ਚੌਕੀ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਨੇ ਉਕਤ ਕਰਮਚਾਰੀਆਂ 'ਤੇ ਕਾਰਵਾਈ ਨਾ ਕੀਤੀ ਤਾਂ ਕਿਸਾਨਾਂ ਵੱਲੋਂ ਬਠਿੰਡਾ ਮਾਨਸਾ ਹਾਈਵੇ ਜਾਮ ਕਰਕੇ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ।