ਭਾਰਤੀ ਕਿਸਾਨ ਯੂਨੀਅਨ ਵੱਲੋਂ 1 ਅਕਤੂਬਰ ਤੋਂ ਰੇਲਾਂ ਰੋਕਣ ਦਾ ਐਲਾਨ - ਰੇਲਾਂ ਬੰਦ ਪੰਜਾਬ
ਬਠਿੰਡਾ: ਖੇਤੀ ਕਾਨੂੰਨਾਂ ਨੂੰ ਕਿਸਾਨ ਵਿਰੋਧੀ ਦੱਸ ਕੇ ਕਿਸਾਨ ਜਥੇਬੰਦੀਆਂ ਵੱਲੋਂ ਵਿੱਢੇ ਸੰਘਰਸ਼ ਦੀ ਲੜੀ ਵਿੱਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਇੱਕ ਮੀਟਿੰਗ ਅੱਜ ਤਲਵੰਡੀ ਸਾਬੋ ਵਿਖੇ ਹੋਈ। ਮੀਟਿੰਗ ਦੌਰਾਨ ਆਗੂਆਂ ਨੇ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਲਈ ਮਾਰੂ ਦੱਸਦਿਆਂ ਕਿਹਾ ਕਿ ਜੇ ਪ੍ਰਧਾਨ ਮੰਤਰੀ ਮੋਦੀ ਕਹਿੰਦੇ ਹਨ ਕਿ ਫਸਲਾਂ ਦੀ ਐੱਮਐੱਸਪੀ ਖਤਮ ਨਹੀਂ ਹੋਵੇਗੀ ਅਤੇ ਮੰਡੀਆਂ 'ਚ ਖਰੀਦ ਬੰਦ ਨਹੀਂ ਹੋਵੇਗੀ ਤਾਂ ਉਹ ਇਹ ਵਾਅਦੇ ਕਾਨੂੰਨ ਵਿੱਚ ਦਰਜ਼ ਕਰਵਾਉਣ। ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਕੇਂਦਰ 'ਤੇ ਦਬਾਅ ਬਣਾਉਣ ਲਈ ਜਥੇਬੰਦੀ 1 ਅਕਤੂਬਰ ਤੋਂ ਰੇਲਗੱਡੀਆਂ ਰੋਕਣ ਦਾ ਕੰਮ ਸ਼ੁਰੂ ਕਰੇਗੀ ਜੋ ਅਣਮਿੱਥੇ ਸਮੇਂ ਵਾਸਤੇ ਚੱਲੇਗਾ।