ਬੀਕੇਯੂ (ਲੱਖੋਵਾਲ) ਨੇ ਖੇਤੀ ਆਰਡੀਨੈਂਸਾਂ ਦੀਆਂ ਫ਼ਰੀਦਕੋਟ 'ਚ ਸਾੜੀਆ ਕਾਪੀਆਂ
ਫ਼ਰੀਦਕੋਟ: ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲ੍ਹਾ ਫ਼ਰੀਦਕੋਟ ਵੱਲੋਂ ਸ਼ੁੱਕਰਵਾਰ ਨੂੰ ਇੱਕ ਵਿਸ਼ੇਸ਼ ਮੀਟਿੰਗ ਪਾਰਟੀ ਦੇ ਸਕੱਤਰ ਜਨਰਲ ਹਰਿੰਦਰ ਸਿੰਘ ਲੱਖੋਵਾਲ ਦੀ ਅਗਵਾਈ ਵਿੱਚ ਕੀਤੀ ਗਈ, ਜਿਸ ਵਿੱਚ ਭੱਖਦੇ ਕਿਸਾਨੀ ਮਸਲਿਆਂ 'ਤੇ ਵਿਚਾਰ ਚਰਚਾ ਹੋਈ। ਇਸ ਮੀਟਿੰਗ ਤੋਂ ਬਾਅਦ ਹਰਿੰਦਰ ਸਿੰਘ ਲੱਖੋਵਾਲ ਦੀ ਅਗਵਾਈ ਵਿੱਚ ਯੂਨੀਅਨ ਵੱਲੋਂ ਕੇਂਦਰੀ ਆਰਡੀਨੈਂਸਾਂ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ। ਇਸ ਮੌਕੇ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਈ, ਜਿਸ ਵਿੱਚ ਆਉਣ ਵਾਲੇ ਝੋਨੇ ਦੇ ਸੀਜ਼ਨ ਵਿੱਚ ਕਿਸਾਨਾਂ ਦੀ ਪਰਾਲੀ ਦਾ ਮੁੱਦਾ ਫਿਰ ਤੋਂ ਭਾਰੂ ਰਹੇਗਾ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਝੋਨੇ ਦੀ ਪਰਾਲੀ ਦਾ ਹੱਲ ਕਰੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਕੋਈ ਹੱਲ ਨਹੀਂ ਕਰ ਸਕਦੀ ਤਾਂ ਉਹ ਕਿਸਾਨਾਂ ਨੂੰ ਪ੍ਰਤੀ ਏਕੜ ਤਿੰਨ ਹਜ਼ਾਰ ਰੁਪਏ ਦੇਵੇ ਤਾਂ ਜੋ ਕਿਸਾਨ ਇਸ ਪਰਾਲੀ ਨੂੰ ਖੇਤਾਂ ਵਿੱਚ ਹੀ ਬਿਨਾਂ ਅੱਗ ਲਗਾਏ ਸਮੇਟ ਸਕਣ। ਉਨ੍ਹਾਂ ਨਾਲ ਹੀ ਕਿਹਾ ਕਿ ਉਹ ਕੇਂਦਰੀ ਆਰਡੀਨੈਂਸਾਂ ਦਾ ਵੀ ਵਿਰੋਧ ਕਰਦੇ ਹਨ ਜੋ ਸਾਰੇ ਦੇ ਸਾਰੇ ਕਿਸਾਨ ਵਿਰੋਧੀ ਹਨ।