ਭਗਵੰਤ ਮਾਨ ਦਾ ਚਿਹਰਾ ਐਲਾਨਣ 'ਤੇ ਲੋਕਾਂ ਵਿੱਚ ਖ਼ੁਸ਼ੀ ਦੀ ਲਹਿਰ - ਕੇਜਰੀਵਾਲ ਨੇ ਭਗਵੰਤ ਮਾਨ ਨੂੰ ਸੀਐੱਮ ਚਿਹਰਾ ਐਲਾਨਿਆ
ਅੰਮ੍ਰਿਤਸਰ: ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਮੋਹਾਲੀ ਵਿਖੇ ਪ੍ਰੈੱਸ ਕਾਨਫਰੰਸ ਹੋਈ। ਇਸ ਦੌਰਾਨ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਸੀਐੱਮ ਚਿਹਰਾ ਐਲਾਨਿਆ। ਰਾਘਵ ਚੱਢਾ ਅਤੇ ਭਗਵੰਤ ਮਾਨ ਕੇਜਰੀਵਾਲ ਦੇ ਨਾਲ ਮੰਚ 'ਤੇ ਬੈਠੇ ਸਨ। ਕੇਜਰੀਵਾਲ ਨੇ ਕਿਹਾ ਕਿ ਮੈਂ ਜਿੱਥੇ ਵੀ ਜਾਂਦਾ ਸੀ ਲੋਕ ਮੈਨੂੰ ਇਹੀ ਕਹਿੰਦੇ ਸੀ ਕਿ CM ਚਿਹਰਾ ਕੌਣ ਹੋਵੇਗਾ ਅਤੇ ਮੈਂ ਹਮੇਸ਼ਾ ਹੌਂਸਲਾ ਰੱਖਣ ਦੀ ਗੱਲ ਕਰਦਾ ਸੀ। ਉਨ੍ਹਾਂ ਕਿਹਾ ਕਿ ਅੱਜ ਉਹ ਘੜੀ ਆ ਗਈ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਜੀ ਮੇਰੇ ਛੋਟੇ ਭਰਾ ਹਨ। ਉਨ੍ਹਾਂ ਕਿਹਾ ਕਿ ਜੇਕਰ ਮੈਂ ਭਗਵੰਤ ਮਾਨ ਦਾ ਨਾਂ ਐਲਾਨ ਦਿੰਦਾ ਤਾਂ ਲੋਕ ਕਹਿੰਦੇ ਕਿ ਆਪਣੇ ਭਰਾ ਨੂੰ ਸੀਐੱਮ ਚਿਹਰਾ ਬਣਾ ਦਿੱਤਾ। ਜਿਸ ਦੇ ਬਾਅਦ ਅੰਮ੍ਰਿਤਸਰ 'ਚ ਆਮ ਆਦਮੀ ਪਾਰਟੀ ਦੇ ਸਮਰਥਕਾਂ ਨੇ ਢੋਲ ਵਜਾ ਭੰਗੜੇ ਪਾ ਖੁਸ਼ੀ ਮਨਾਈ, ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਨੇਤਾਵਾਂ 'ਚ ਖੁਸ਼ੀ ਦਾ ਮਾਹੌਲ ਹੈ।