ਪਟਿਆਲਾ 'ਚ ਇੱਕ ਹੋਰ ਬੱਚਾ ਲਾਪਤਾ, ਸ਼ਹਿਰ 'ਚ ਦਹਿਸ਼ਤ ਦਾ ਮਾਹੌਲ - ਪਟਿਆਲਾ
ਪਟਿਆਲਾ: ਸ਼ਹਿਰ ਦੀ ਯਾਦਵਿੰਦਰਾ ਕਲੋਨੀ 'ਚ ਇੱਕ ਹੋਰ ਬੱਚੇ ਦੇ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਲਾਪਤਾ ਬੱਚਾ ਸ਼ਨੀਵਾਰ ਨੂੰ ਸਵੇਰੇ 11 ਵਜੇ ਆਪਣੇ ਘਰ ਤੋਂ ਦੋਸਤ ਦੇ ਘਰ ਗਿਆ ਸੀ, ਜਿਸ ਤੋਂ ਬਾਅਦ ਉਹ ਮੁੜ ਕੇ ਆਪਣੇ ਘਰ ਨਹੀਂ ਪਰਤਿਆ। ਲਾਪਤਾ ਬੱਚਾ ਦਸਵੀਂ ਜਮਾਤ ਦਾ ਵਿਦਿਆਰਥੀ ਹੈ। ਬੱਚੇ ਦੇ ਪਰਿਵਾਰ ਵਾਲੇ ਉਸ ਨੂੰ ਲੱਭਣ 'ਚ ਜੁੱਟੇ ਹੋਏ ਹਨ। ਪਰਿਵਾਰ ਦੇ ਲੋਕਾਂ ਨੇ ਪੁਲਿਸ ਨੂੰ ਬੱਚੇ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾ ਦਿੱਤੀ ਹੈ। ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਇਆ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਟਿਆਲਾ ਦੇ ਰਾਜਪੁਰਾ ਨੇੜੇ ਪੈਂਦੇ ਪਿੰਡ ਗੰਡਾ ਖੇੜੀ 'ਚ 12 ਦਿਨ ਪਹਿਲਾ ਵੀ ਦੋ ਭਰਾਵਾਂ ਦੇ ਗੁੰਮ ਹੋਣ ਦੀ ਖਬਰ ਆ ਚੁੱਕੀ ਹੈ। ਪੁਲਿਸ ਵੱਲੋਂ ਪੁਰਜੋਰ ਕੋਸ਼ਿਸ਼ ਤੋਂ ਬਾਅਦ ਵੀ ਉਨ੍ਹਾਂ ਬੱਚਿਆ ਦਾ ਕੋਈ ਸੁਰਾਗ ਹੱਥ ਨਹੀਂ ਲਗਾ ਹੈ। ਅਜਿਹੇ 'ਚ ਇਸ ਤਰ੍ਹਾਂ ਇੱਕ ਹੋਰ ਬੱਚੇ ਦੇ ਲਾਪਤਾ ਹੋਣ ਨਾਲ ਸ਼ਹਿਰ ਤੇ ਉਸ ਦੇ ਨਾਲ ਲਗਦੇ ਪਿੰਡਾਂ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਲੋਕ ਆਪਣੇ ਬੱਚੇ ਨੂੰ ਘਰੋਂ ਬਾਹਰ ਭੇਜਣ ਤੋਂ ਵੀ ਡਰ ਰਹੇ ਹਨ।