ਬਜਟ 2020: 2025 ਤੱਕ ਟੀਬੀ ਮੁਕਤ ਹੋਵੇਗਾ ਭਾਰਤ - ਆਯੂਸ਼ਮਾਨ ਭਾਰਤ ਯੋਜਨਾ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ 2020-21 ਵਿੱਚ ਸਿਹਤ ਖੇਤਰ ਲਈ ਬਜਟ ਰਾਸ਼ੀ 69 ਹਜ਼ਾਰ ਕਰੋੜ ਰੁਪਏ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਹੈ। ਇਸ ਦੇ ਨਾਲ ਹੀ ਸੀਤਾਰਮਨ ਨੇ 'ਫਿੱਟ ਇੰਡੀਆ' ਮੂਵਮੈਂਟ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਵੱਲੋਂ ਵੱਡੇ ਕਦਮ ਚੁੱਕੇ ਜਾਣ ਦੀ ਗੱਲ ਕਹੀ ਹੈ। ਨਿਰਮਲਾ ਸੀਤਾਰਮਨ ਨੇ ਕਿਹਾ ਕਿ ਆਯੂਸ਼ਮਾਨ ਭਾਰਤ ਯੋਜਨਾ ਤਹਿਤ 112 ਜ਼ਿਲ੍ਹਿਆਂ ਵਿੱਚ ਪਹਿਲ ਦੇ ਅਧਾਰ ’ਤੇ ਹਸਪਤਾਲ ਸਥਾਪਤ ਕੀਤੇ ਜਾਣਗੇ। ਆਯੂਸ਼ਮਾਨ ਭਾਰਤ ਯੋਜਨਾ ਅਧੀਨ ਹਸਪਤਾਲਾਂ ਦੀ ਗਿਣਤੀ ਵਧਾਈ ਜਾਵੇਗੀ, ਇਸ ਵਿਸਥਾਰ ਨਾਲ ਟੀਅਰ 2 ਤੇ ਟੀਅਰ 3 ਸ਼ਹਿਰਾਂ ਵਿੱਚ ਸਿਹਤ ਮਦਦ ਦਾ ਦਾਇਰਾ ਵਧੇਗਾ। 2024 ਤੱਕ ਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿੱਚ ਜਨ ਔਸ਼ਧੀ ਕੇਂਦਰਾਂ ਦਾ ਵਿਸਥਾਰ ਕੀਤਾ ਜਾਵੇਗਾ। 2025 ਤੱਕ ਟੀਬੀ ਦੇ ਖ਼ਾਤਮੇ ਲਈ 'ਟੀਬੀ ਹਾਰੇਗਾ, ਦੇਸ਼ ਜਿੱਤੇਗਾ' ਮੁਹਿੰਮ ਦੀ ਸ਼ੁਰੂਆਤ ਦਾ ਐਲਾਨ ਕੀਤਾ ਗਿਆ ਹੈ।