ਪਾਰਲੀਮੈਂਟ ਵਿੱਚ ਖੇਤੀ ਕਾਨੂੰਨ ਰੱਦ ਹੋਣ ਤੱਕ ਸੰਘਰਸ਼ ਜਾਰੀ ਰਹੇਗਾ:ਕਿਸਾਨ ਯੂਨੀਅਨ
ਹੁਸ਼ਿਆਰਪੁਰ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ (ਐਤਵਾਰ) ਜੀ.ਓ ਦਫ਼ਤਰ ਗੜ੍ਹਸ਼ੰਕਰ (GO Office Garhshankar) ਅੱਗੇ ਲੜੀਵਾਰ ਧਰਨਾ ਕੁਲਵਿੰਦਰ ਸਿੰਘ ਘੁੰਮਣ ਦੀ ਅਗਵਾਈ ਹੇਠ ਦਿੱਤਾ ਗਿਆ। ਇਹ ਧਰਨਾ 347 ਦਿਨਾਂ ਦਾ ਚੱਲ ਰਿਹਾ ਹੈ। ਜਿਸ ਵਿਚ ਵੱਡੀ ਗਿਣਤੀ ਵਿੱਚ ਕਿਸਾਨ ਆਗੂਆਂ ਨੇ ਹਿੱਸਾ ਲਿਆ। ਇਸ ਮੌਕੇ ਨਾਹਰਿਆਂ ਦੀ ਗੂੰਜ ਵਿੱਚ ਜਿੱਤ ਦੀ ਖੁਸ਼ੀ ਸਾਂਝੀ ਕਰਦਿਆਂ, ਉਨ੍ਹਾਂ ਸ਼ਹੀਦ ਕਿਸਾਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਜਿਨ੍ਹਾਂ ਨੇ ਇਸ ਘੋਲ ਵਿੱਚ ਸ਼ਹੀਦੀਆਂ ਪਾਈਆਂ। ਇਸ ਉਪਰੰਤ ਦਰਸ਼ਨ ਸਿੰਘ ਮੱਟੂ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਦੇ ਸਮਾਰਕ ਤੱਕ ਮਾਰਚ ਕਰਕੇ ਭਗਤ ਸਿੰਘ ਨੂੰ ਸਲਾਮ ਕਰਕੇ ਜਿੱਤ ਦਾ ਜਸ਼ਨ ਮਨਾ ਕੇ ਲੱਡੂ ਵੰਡੇ ਗਏ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ ਜਦੋਂ ਤੱਕ ਪਾਰਲੀਮੈਂਟ ਵਿੱਚ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਸਬੰਧੀ ਬਿੱਲ ਪਾਸ ਨਹੀਂ ਹੁੰਦਾ ਉਦੋਂ ਤੱਕ ਧਰਨਾ ਜਾਰੀ ਰੱਖਿਆ ਜਾਵੇਗਾ।