ਚੰਨੀ ਨਾਲ ਕਿਸਾਨਾਂ ਦੀ ਮੀਟਿੰਗ ਤੋਂ ਬਾਅਦ ਬਲਦੇਵ ਸਿਰਸਾ ਨੇ ਦੱਸੀਆਂ ਅੰਦਰਲੀਆਂ ਗੱਲਾਂ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਦੀ 32 ਕਿਸਾਨ ਯੂਨੀਅਨ ਦੀ ਬੁੱਧਵਾਰ ਨੂੰ ਚੰਡੀਗੜ੍ਹ ਵਿਖੇ ਮੀਟਿੰਗ ਹੋਈ। ਕਰੀਬ 3 ਘੰਟੇ ਤੱਕ ਇਹ ਮੀਟਿੰਗ ਚੱਲੀ। ਮੀਟਿੰਗ 'ਚ 18 ਮੁੱਦਿਆਂ 'ਤੇ ਚਰਚਾ ਕੀਤੀ ਗਈ। ਪੰਜਾਬ ਸਰਕਾਰ ਕਿਸਾਨੀ ਕਰਜ਼ਾ ਮੁਆਫੀ ਨੂੰ ਛੱਡ ਕੇ ਬਾਕੀ ਸਾਰੇ ਮੁੱਦਿਆਂ 'ਤੇ ਸਹਿਮਤ ਹੋ ਗਈ ਹੈ। ਕਰਜ਼ਾ ਮੁਆਫੀ ਨੂੰ ਲੈ ਕੇ ਆਪਣੇ ਪੱਧਰ 'ਤੇ ਮੰਥਨ ਕਰਨ ਤੋਂ ਬਾਅਦ ਸਰਕਾਰ ਜਲਦ ਹੀ ਸਾਰੀਆਂ ਕਿਸਾਨ ਯੂਨੀਅਨਾਂ ਨਾਲ ਮੀਟਿੰਗ ਕਰੇਗੀ। ਮੀਟਿੰਗ ਉਪਰੰਤ ਲੋਕ ਇਨਸਾਫ਼ ਭਲਾਈ ਪਾਰਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਨੇ ਦੱਸਿਆ ਕਿ ਅੱਜ ਦੀ ਗੱਲਬਾਤ ਬਹੁਤ ਹੀ ਵਧੀਆ ਮਾਹੌਲ ਵਿੱਚ ਹੋਈ। ਸਰਕਾਰ ਨੇ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਹਨ। ਸਰਕਾਰ ਕਰਜ਼ਾ ਮੁਆਫੀ ਨੂੰ ਲੈ ਕੇ ਸਾਰੀਆਂ ਕਿਸਾਨ ਜਥੇਬੰਦੀਆਂ ਨਾਲ ਫਿਰ ਤੋਂ ਗੱਲਬਾਤ ਕਰੇਗੀ। ਬਲਦੇਵ ਸਿੰਘ ਸਿਰਸਾ ਨੇ ਮੀਟਿੰਗ ਦੌਰਾਨ ਦੱਸਿਆ ਕਿ ਪੰਜਾਬ ਵਿੱਚ ਦਿੱਤੇ ਜਾ ਰਹੇ ਵੱਖ-ਵੱਖ ਜ਼ਮੀਨਾਂ ਦੇ ਮੁਆਵਜ਼ੇ ਵਿੱਚ ਇਕਸਾਰਤਾ ਲਿਆਉਣ, ਕਿਸਾਨਾਂ ਨੂੰ ਡੀ.ਏ.ਪੀ ਅਤੇ ਯੂਰੀਆ ਖਾਦ ਮੁਹੱਈਆ ਕਰਵਾਉਣ, ਕਿਸਾਨਾਂ ਵਿਰੁੱਧ ਦਰਜ ਸਾਰੇ ਕੇਸ ਵਾਪਸ ਲੈਣ, 1 ਏਕੜ ਜ਼ਮੀਨ ਦੇਣ ਲਈ ਇਕਾਈ ਮੰਨੇ ਜਾਣ। ਫਸਲਾਂ ਦਾ ਮੁਆਵਜ਼ਾ ਅਤੇ ਗੰਨਾ ਕਿਸਾਨਾਂ ਦੇ ਬਕਾਏ ਜਲਦੀ ਮਿਲਣ ਵਰਗੇ ਮੁੱਦਿਆਂ 'ਤੇ ਸਰਕਾਰ ਸਹਿਮਤ ਹੋ ਗਈ ਹੈ।